ਖਨੌਰੀ, ਮੂਣਕ, 3 ਸਤੰਬਰ (ਬਲਵਿੰਦਰ ਸਿੰਘ ਥਿੰਦ, ਪ੍ਰਵੀਨ ਮਦਾਨ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਨਾਲਾਇਕੀ ਉਸ ਸਮੇਂ ਸਾਹਮਣੇ ਆਈ ਜਦੋਂ ਉਸ ਦੇ ਹੀ ਐਮ ਐਲ ਏ ਇਹ ਕਹਿ ਰਹੇ ਹਨ ਕਿ ਬਰਸਾਤਾਂ ਤੋਂ ਪਹਿਲਾਂ ਦਰਿਆਵਾਂ ਆਦਿ ਦੀ ਸਫ਼ਾਈ ਨਹੀਂ ਕੀਤੀ ਗਈ ਤੇ ਨਾਂ ਹੀ ਅਗਾਊਾ ਪ੍ਰਬੰਧ ਕੀਤੇ ਗਏ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਵਿਨਰਜੀਤ ਸਿੰਘ ਗੋਲਡੀ ਨੇ ਖਨੌਰੀ ਵਿਖੇ ਘੱਗਰ ਦਰਿਆ ਦੇ ਪੁੱਲ ਆਰ ਡੀ 460 ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਵਿਨਰਜੀਤ ਗੋਲਡੀ ਹਲਕਾ ਲਹਿਰਾਗਾਗਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਤੇ ਹੋਰ ਅਕਾਲੀ ਆਗੂਆਂ ਨਾਲ ਘੱਗਰ ਦਰਿਆ ਵਿਚ ਵੱਧ ਰਹੇ ਪਾਣੀ ਦਾ ਜਾਇਜ਼ਾ ਲੈਣ ਲਈ ਖਨੌਰੀ ਆਏ ਹੋਏ ਸਨ, ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੀ ਨਲਾਇਕੀ ਦੇ ਕਾਰਨ ਹੀ ਦੁਆਬੇ ਮਾਝੇ ਅਤੇ ਪੰਜਾਬ ਦੇ ਹੋਰਨਾਂ ਖੇਤਰਾਂ ਵਿਚ ਹੜ ਆਏ ਹੋਏ ਹਨ ਅਤੇ ਇਸ ਸਰਕਾਰ ਨੇ ਬਰਸਾਤਾਂ ਤੋਂ ਪਹਿਲਾਂ ਹੜ੍ਹਾਂ ਤੋਂ ਬਚਾਉਣ ਸਬੰਧੀ ਕੋਈ ਅਗਾਊ ਪ੍ਰਬੰਧ ਨਹੀਂ ਕੀਤੇ ਜਿਸ ਦਾ ਖ਼ਮਿਆਜ਼ਾ ਅੱਜ ਲੋਕਾਂ ਨੂੰ ਹੜ੍ਹਾਂ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ | ਇਸ ਮੌਕੇ 'ਤੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਨੇ ਕਿਹਾ ਕਿ ਇਸ ਤੋਂ ਵੀ ਵੱਡੀ ਨਾਲਾਇਕੀ ਆਪ ਸਰਕਾਰ ਦੀ ਇਹ ਦੇਖਣ ਨੂੰ ਮਿਲਦੀ ਹੈ ਉਹ ਇਹ ਹੈ ਕਿ ਸਰਕਾਰ ਵਲੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੇਲੇ ਤਕਰੀਬਨ 22 ਕਿੱਲੋਮੀਟਰ ਲੰਬੀ ਜ਼ਮੀਨ ਘੱਗਰ ਦਰਿਆ ਨੂੰ ਚੌੜਾ ਕਰਨ ਦੇ ਲਈ ਅਕੁਵਾਇਰ ਕੀਤੀ ਗਈ ਸੀ ਤੇ ਅੱਜ ਉਹੀ ਜ਼ਮੀਨ ਜਿਹੜੀ ਹੈ ਪਤਾ ਲੱਗਿਆ ਕਿ ਉਹ ਜੰਗਲਾਤ ਵਿਭਾਗ ਨੂੰ ਤਬਦੀਲ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਨਾਂ ਤਾਂ ਘੱਗਰ ਦਰਿਆ ਨੂੰ ਚੌੜਾ ਕੀਤਾ ਗਿਆ ਤੇ ਨਾ ਹੀ ਇਸ ਵਾਰ ਘੱਗਰ ਦੀ ਕੋਈ ਸਫ਼ਾਈ ਕੀਤੀ ਗਈ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਤਜਿੰਦਰ ਸਿੰਘ ਸੰਘਰੇੜੀ, ਸੂਰਜ ਮੱਲ੍ਹ ਘੁਲਾੜੀ, ਨਿਰਮਲ ਸਿੰਘ ਕਰਨੈਲ, ਗੁਰਦੀਪ ਸਿੰਘ ਬਹਿਣੀਵਾਲ, ਹਰਪਾਲ ਸਿੰਘ ਖਡਿਆਲ, ਬਲਜਿੰਦਰ ਸਿੰਘ ਸਿੱਧੂ, ਮਲਕੀਤ ਸਿੰਘ ਮਾਨ ਆਦਿ ਮੌਜੂਦ ਸਨ |