ਧੂਰੀ, 3 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸਾਬਕਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਅੱਜ ਧੂਰੀ ਸ਼ਹਿਰ ਦੇ ਬਾਜ਼ਾਰਾਂ ਅਤੇ ਮੁਹੱਲਿਆਂ ਦਾ ਦੌਰਾ ਕਰਦਿਆਂ ਲੋਕਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਧੂਰੀ ਹਲਕੇ ਦੀ ਵੱਡੀ ਤਰਾਸਦੀ ਇਹ ਹੈ ਕਿ ਇਤਿਹਾਸ ਵਿਚ ਪਹਿਲੀ ਵਾਰ ਹਲਕੇ ਨੂੰ ਮੁੱਖ ਮੰਤਰੀ ਮਿਲਿਆ, ਪਰ ਲੋਕਾਂ ਨੂੰ ਵਿਕਾਸ ਦੀ ਥਾਂ ਵਿਨਾਸ਼ ਹੀ ਦੇਖਣਾ ਪਿਆ | ਗੋਲਡੀ ਖੰਗੂੜਾ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਧੂਰੀ ਹਲਕਾ ਵਿਕਾਸ ਪਿੱਛੋਂ ਪਿੱਛੇ ਡਿੱਗ ਗਿਆ ਹੈ ਅਤੇ ਸਰਕਾਰੀ ਕਾਹਲੀ ਕਾਰਨ ਹਲਕੇ ਦੇ ਲੋਕ ਅਣਗਿਣਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਮੇਂ ਧੂਰੀ ਸ਼ਹਿਰ ਅਤੇ ਇਲਾਕੇ ਦੇ ਬੇਸ਼ੁਮਾਰ ਪਿੰਡ ਬਰਸਾਤੀ ਪਾਣੀ ਦੀ ਸਮੱਸਿਆ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਰਜਵਾਹਾ ਛੱਤਣ ਕਾਰਨ ਪਾਣੀ ਦੇ ਨਿਕਾਸ ਦਾ ਰਾਹ ਹੀ ਬੰਦ ਹੋ ਗਿਆ ਹੈ | ਪਾਣੀ ਦੇ ਨਿਕਾਸ ਲਈ ਕੋਈ ਪ੍ਰਬੰਧ ਨਹੀਂ ਹੋਇਆ | ਨਤੀਜੇ ਵਜੋਂ ਹਰ ਸਾਲ ਭਾਰੀ ਬਾਰਸ਼ ਨਾਲ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਵਿਚ ਗੋਡੇ ਗੋਡੇ ਪਾਣੀ ਖੜ੍ਹ ਜਾਂਦਾ ਹੈ | ਘਰਾਂ ਅਤੇ ਦੁਕਾਨਾਂ ਵਿਚ ਪਾਣੀ ਵੜ੍ਹ ਕੇ ਲੋਕਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਦਾ ਹੈ | ਗੋਲਡੀ ਖੰਗੂੜਾ ਨੇ ਦਾਅਵਾ ਕੀਤਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਧੂਰੀ ਲਈ ਕਈ ਮਹੱਤਵਪੂਰਨ ਯੋਜਨਾਵਾਂ ਪਾਸ ਕਰਵਾਈਆਂ ਸਨ | ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਨੇ ਧੂਰੀ ਲਈ ਕੋਈ ਵੀ ਢੰਗ ਦੀ ਯੋਜਨਾ ਲਾਗੂ ਨਹੀਂ ਕੀਤੀ | ਗੋਲਡੀ ਖੰਗੂੜਾ ਨੇ ਪ੍ਰਸ਼ਾਸਨ ਨੂੰ ਵੀ ਕਟਿਹਰੇ ਵਿਚ ਖੜ੍ਹਾ ਕਰਦਿਆਂ ਕਿਹਾ ਕਿ ਕਿਸੇ ਵੀ ਕਿਸਮ ਦੀ ਅਗਾਊ ਤਿਆਰੀ ਨਹੀਂ ਕੀਤੀ ਗਈ | ਇਸ ਕਾਰਨ ਲੋਕਾਂ ਦੇ ਮਕਾਨ ਗਿਰ ਰਹੇ ਹਨ, ਬੇਸ਼ੁਮਾਰ ਪਰਿਵਾਰ ਉਜਾੜੇ ਦੇ ਕਿਨਾਰੇ ਆ ਖੜ੍ਹੇ ਹਨ ਅਤੇ ਬਜ਼ਾਰਾਂ ਵਿਚ ਵਪਾਰੀ ਲੱਖਾਂ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੇ ਵਾਅਦੇ ਕਾਗਜ਼ਾਂ ਤੱਕ ਹੀ ਸੀਮਿਤ ਹਨ | ਲੋਕਾਂ ਦੀ ਬਾਂਹ ਫੜ੍ਹਣ ਲਈ ਨਾ ਤਾਂ ਕੋਈ ਅਧਿਕਾਰੀ ਮੌਕੇ 'ਤੇ ਪਹੁੰਚਦਾ ਹੈ ਤੇ ਨਾ ਹੀ ਚੁਣੇ ਨੁਮਾਇੰਦਿਆਂ ਵੱਲੋਂ ਕੋਈ ਸਹਾਇਤਾ ਮਿਲਦੀ ਹੈ | ਇਸ ਦੇ ਉਲਟ ਲੋਕ ਆਪਣੀ ਮੱਦਦ ਆਪਣੇ ਆਪ ਕਰਨ 'ਤੇ ਮਜਬੂਰ ਹਨ | ਗੋਲਡੀ ਖੰਗੂੜਾ ਨੇ ਮੰਗ ਕੀਤੀ ਕਿ ਧੂਰੀ ਹਲਕੇ ਲਈ ਤੁਰੰਤ ਰਾਹਤ ਪੈਕੇਜ ਜਾਰੀ ਕੀਤਾ ਜਾਵੇ ਅਤੇ ਲਟਕਦੇ ਵਿਕਾਸ ਕਾਰਜਾਂ ਨੂੰ ਤੁਰੰਤ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ |