ਸੁਨਾਮ ਊਧਮ ਸਿੰਘ ਵਾਲਾ, 3 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ,ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਪੈ ਰਹੇ ਭਾਰੀ ਮੀਂਹ ਅਤੇ ਵੱਖ-ਵੱਖ ਡੈਮਾਂ 'ਚ ਇਕੱਠੇ ਹੋਏ ਪਾਣੀ ਦੇ ਪੱਧਰ ਨੂੰ ਸੁਰੱਖਿਆ ਦੇ ਮੱਦੇਨਜ਼ਰ ਨਿਯਮਤ ਰੱਖਣ ਦੇ ਮੰਤਵ ਨਾਲ ਛੱਡੇ ਜਾ ਰਹੇ ਪਾਣੀ ਨਾਲ ਆਪਣਾ ਸਭ ਕੁੱਝ ਗਵਾ ਚੁੱਕੇ ਪੀੜਤ ਪਰਿਵਾਰਾਂ ਨੂੰ ਹਰ ਕਿਸੇ ਵਲੋਂ ਰਾਹਤ ਸਮਗਰੀ ਭੇਜਣ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਮੁੱਖ ਮੰਤਰੀ ਰਾਹਤ ਫ਼ੰਡ ਲਈ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਇਕਬਾਲ ਸਿੰਘ ਮੱਲ੍ਹੀ ਅਤੇ ਸਟੇਟ ਬੈਂਕ ਆਫ਼ ਇੰਡੀਆ ਅਫ਼ਸਰ ਯੂਨੀਅਨ ਦੇ ਜਨਰਲ ਸਕੱਤਰ ਪਿ੍ਆਵਰਤ ਵਲੋਂ ਮਿਲ ਕੇ ਫੈਸਲਾ ਕੀਤਾ ਗਿਆ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਸਰਕਲ ਚੰਡੀਗੜ੍ਹ (ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਐਂਡ ਕਸ਼ਮੀਰ, ਚੰਡੀਗੜ੍ਹ ਅਤੇ ਹਰਿਆਣਾ) ਦੇ ਮੁਲਾਜ਼ਮ ਆਪਣੀ ਇੱਕ ਦਿਨ ਦੀ ਤਨਖ਼ਾਹ ਹੜ੍ਹ ਪੀੜਤ ਰਾਹਤ ਫ਼ੰਡ ਲਈ ਦੇਣਗੇ | ਇਸ ਸਬੰਧੀ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਸੂਬਾਈ ਆਗੂ ਵਿੱਕੀ ਅਬਦਾਲ ਸੁਨਾਮ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਜਨਰਲ ਸਕੱਤਰ ਇਕਬਾਲ ਸਿੰਘ ਮੱਲ੍ਹੀ ਅਤੇ ਸਟੇਟ ਬੈਂਕ ਆਫ਼ ਇੰਡੀਆ ਅਫ਼ਸਰ ਯੂਨੀਅਨ ਦੇ ਜਨਰਲ ਸਕੱਤਰ ਪਿ੍ਆਵਰਤ ਵਲੋਂ ਇਸ ਫ਼ੈਸਲੇ ਸਬੰਧੀ ਚੀਫ਼ ਜਰਨਲ ਮੈਨੇਜਰ ਸਟੇਟ ਬੈਂਕ ਆਫ਼ ਇੰਡੀਆ ਚੰਡੀਗੜ੍ਹ ਸਰਕਲ ਨੂੰ ਪੱਤਰ ਸੌਂਪ ਦਿੱਤਾ ਗਿਆ ਹੈ |