ਮਲੇਰਕੋਟਲਾ, 4 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪਿਛਲੇ ਦਿਨਾਂ ਤੋਂ ਇੰਦਰ ਦੇਵਤਾ ਦੀ ਕਰੋਪੀ ਦੇ ਚੱਲਦਿਆਂ ਭਾਰੀ ਮੀਂਹ ਦੇ ਕਾਰਨ ਹਰ ਵਰਗ ਦੇ ਅੰਦਰ ਪ੍ਰੇਸ਼ਾਨੀ ਦਾ ਮਾਹੌਲ ਪੈਦਾ ਹੋ ਰਿਹਾ ਹੈ | ਮਲੇਰਕੋਟਲਾ ਸ਼ਹਿਰ ਤੋਂ ਬਾਅਦ ਪਿੰਡਾਂ ਅੰਦਰ ਵੀ ਹਾਲਾਤ ਜ਼ਿਆਦਾ ਸਾਜ਼ਗਾਰ ਨਹੀਂ ਹਨ | ਕਈ ਪਿੰਡਾਂ ਅੰਦਰ ਭਾਰੀ ਮੀਂਹ ਨੇ ਨੀਵੇਂ ਖੇਤਾਂ ਨੂੰ ਦਰਿਆ ਦਾ ਰੂਪ ਦੇ ਦਿੱਤਾ ਹੈ | ਖੇਤਾਂ ਅੰਦਰ ਕਿਸਾਨਾਂ ਵਲੋ ਆਪਣੇ ਪਸ਼ੂਆਂ ਲਈ ਬੀਜੇ ਪੱਠੇ ਵੀ ਪਾਣੀ ਦੇ ਵਿਚ ਡੁੱਬਣ ਕਾਰਨ ਖ਼ਤਮ ਹੋ ਚੁੱਕੇ ਹਨ | ਕਿਸਾਨਾਂ ਨੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਜੇਕਰ ਅਗਲੇ ਦਿਨਾਂ ਨੂੰ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਤਾਂ ਝੋਨੇ ਦੇ ਨੀਵੇਂ ਖੇਤ ਪਾਣੀ ਵਿਚ ਡੁੱਬ ਜਾਣਗੇ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਵੇਗਾ | ਲਸਾੜਾ ਡਰੇਨ ਦੇ ਵਿਚ ਆ ਰਹੇ ਪਾਣੀ ਦੇ ਤੇਜ਼ ਬਹਾਅ ਦੇ ਕਾਰਨ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕ ਕਿਸਾਨ ਪ੍ਰੇਸ਼ਾਨੀ ਦੇ ਵਿਚੋਂ ਗੁਜ਼ਰ ਰਹੇ ਹਨ | ਕਿਉਂਕਿ ਪਿਛਲੇ ਵਰਿ੍ਹਆਂ ਦੌਰਾਨ ਵੀ ਲਸਾੜਾ ਡਰੇਨ ਨੇ ਨਾਲ ਲੱਗਦੀਆਂ ਜ਼ਮੀਨਾਂ ਦੇ ਅੰਦਰ ਕਿਸਾਨਾਂ ਵਲੋ ਬੀਜੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ | ਹਲਕਾ ਪਾਇਲ ਦੇ ਪਿੰਡ ਜਰਗੜੀ ਤੋਂ ਨਿਕਲਣ ਵਾਲੀ ਲਸਾੜਾ ਡਰੇਨ ਦੇ ਵਿਚ ਆਲੇ ਦੁਆਲੇ ਤੋਂ ਪਾਣੀ ਪੈਣ ਕਾਰਨ ਪਾਣੀ ਦੇ ਤੇਜ਼ ਹੋਏ ਬਹਾਅ ਨੇ ਡਰੇਨ ਨੂੰ ਨੱਕੋ- ਨੱਕ ਭਰ ਦਿੱਤਾ ਹੈ | ਪਿੰਡ ਸਰੌਦ ਬਾਦਸ਼ਾਹਪੁਰ ਮੰਡਿਆਲਾ, ਰਾਣਵਾ ਅਤੇ ਖਾਨਪੁਰ ਦੇ ਕਿਸਾਨਾਂ ਨੇ ਆਖਿਆ ਕਿ ਇਸ ਸਮੇਂ ਭਾਵੇਂ ਲਸਾੜਾ ਡਰੇਨ ਦਾ ਪਾਣੀ ਕੰਟਰੋਲ ਹੇਠ ਜ਼ਰੂਰ ਹੈ ਪਰ ਜੇਕਰ ਅਗਲੇ ਸਮੇਂ ਨੂੰ ਹੋਰ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਹਾਲਾਤ ਖਰਾਬ ਹੋ ਸਕਦੇ ਹਨ | ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਵਲੋ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਡਰੇਨ ਦੀ ਸਫ਼ਾਈ ਨਹੀਂ ਹੋਈ ਡਰੇਨ ਦੇ ਵਿਚ ਟੁੱਟੇ ਹੋਏ ਦਰਖ਼ਤ ਉਸੇ ਤਰ੍ਹਾਂ ਡਿੱਗੇ ਪਏ ਹਨ ਅਤੇ ਹਰੀ ਬੂਟੀ ਵੀ ਪਾਣੀ ਦੇ ਵਿਚ ਅੜਿੱਕਾ ਬਣ ਰਹੀ ਹੈ | ਉਨ੍ਹਾਂ ਆਖਿਆ ਕਿ ਪਤਾ ਨਹੀਂ ਕਿਉਂ ਸਬੰਧਤ ਵਿਭਾਗ ਦੀ ਕੁੰਭਕਰਨੀ ਨੀਂਦ ਹਰ ਵਾਰ ਨੁਕਸਾਨ ਹੋਣ ਤੋਂ ਬਾਅਦ ਖੁੱਲ੍ਹਦੀ ਹੈ | ਕਿਸਾਨਾਂ ਨੇ ਕਿਹਾ ਕਿ ਜੇਕਰ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ |