ਲਹਿਰਾਗਾਗਾ, 5 ਸਤੰਬਰ (ਅਸ਼ੋਕ ਗਰਗ) - ਸਥਾਨਕ ਪਿੰਡ ਵਾਲੀ ਸਾਈਡ ਕਲੋਨੀ ਰੋਡ ਉੱਪਰ ਅੱਜ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਮੀਟਰ ਬਕਸੇ ਵਿਚ ਲੱਗੇ ਬਿਜਲੀ ਦੇ 20 ਮੀਟਰਾਂ ਨੂੰ ਅਚਾਨਕ ਅੱਗ ਲੱਗਣ ਕਾਰਨ ਪਟਾਕੇ ਪੈਣੇ ਸ਼ੁਰੂ ਹੋ ਗਏ | ਸਮਾਜ ਸੇਵੀ ਤਰਸੇਮ ਚੰਦ ਖੱਦਰ ਭੰਡਾਰ ਵਾਲਿਆਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਗੁਆਂਢੀ ਦੁਕਾਨਦਾਰ ਨਾਲ ਮਿਲ ਕੇ ਅੱਗ ਉੱਪਰ ਕਾਬੂ ਪਾਉਣ ਲਈ ਬਰੇਤੀ ਸੁੱਟਣੀ ਸ਼ੁਰੂ ਕਰ ਦਿੱਤੀ | ਬੇਸ਼ੱਕ ਦੁਕਾਨਦਾਰ ਮੀਟਰ ਬਕਸੇ ਨੂੰ ਲੱਗੀ ਅੱਗ ਬੁਝਾਉਣ ਵਿਚ ਤਾਂ ਸਫਲ ਹੋ ਗਏ ਪਰ ਮੀਟਰ ਬਕਸੇ ਵਿਚ ਲੱਗੇ ਸਾਰੇ ਹੀ ਮੀਟਰ ਸੜ ਗਏ | ਇਸ ਦੀ ਜਾਣਕਾਰੀ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਿੱਤੀ ਤਾਂ ਕਰਮਚਾਰੀਆਂ ਨੇ ਮੌਕੇ 'ਤੇ ਲਿਆ ਪਹੁੰਚ ਕੇ ਸਥਿਤੀ ਦਾ ਜਾਇਜ਼ ਲਿਆ | ਅਧਿਕਾਰੀਆਂ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਇਹ ਵੀ ਪਤਾ ਲੱਗਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈਣ ਕਾਰਨ ਇਸ ਰੋਡ ਉੱਪਰ ਅਕਸਰ ਹੀ ਕਈ ਕਈ ਫੁੱਟ ਪਾਣੀ ਸੜਕ ਉੱਪਰ ਜਮ੍ਹਾ ਹੋ ਜਾਂਦਾ ਹੈ ਅਤੇ ਮੀਂਹ ਦਾ ਪਾਣੀ ਮੀਟਰ ਬਕਸਿਆਂ ਵਿਚ ਵੀ ਭਰ ਜਾਂਦਾ ਹੈ | ਮੀਟਰ ਬਕਸਿਆਂ ਨੂੰ ਜੰਗਾਲ ਲੱਗਿਆ ਹੋਣ ਕਾਰਨ ਅਕਸਰ ਹੀ ਕਈ ਵਾਰ ਅਜਿਹੇ ਹਾਦਸੇ ਵਾਪਰ ਚੁੱਕੇ ਹਨ | ਇਸ ਤੋਂ ਪਹਿਲਾਂ ਵੀ ਪੁਰਾਣੀ ਗਊਸ਼ਾਲਾ ਰੋਡ ਉੱਪਰ ਇੱਕ ਮੀਟਰ ਬਕਸੇ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਮੀਂਹ ਦੇ ਦਿਨਾਂ ਵਿਚ ਇੱਕ ਪਸ਼ੂ ਦੀ ਮੀਟਰ ਬਕਸ ਨਾਲ ਲੱਗਣ ਕਾਰਨ ਮੌਤ ਹੋ ਗਈ ਸੀ | ਲੋਕਾਂ ਦੀ ਮੰਗ ਹੈ ਕਿ ਸ਼ਹਿਰ ਵਿਚ ਸੜਕਾਂ ਤੇ ਮਹੱਲਿਆਂ ਵਿਚ ਲੱਗੇ ਮੀਟਰ ਬਕਸਿਆਂ ਨੂੰ ਉੱਚਾ ਕਰ ਕੇ ਲਗਾਇਆ ਜਾਵੇ |