ਲੌਂਗੋਵਾਲ, 22 ਸਤੰਬਰ (ਵਿਨੋਦ, ਖੰਨਾ) - ਲੌਂਗੋਵਾਲ ਦੇ ਕਿਸਾਨਾਂ ਦਾ ਭਾਰੀ ਇਕੱਠ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਵਿਖੇ ਹੋਇਆ | ਜਿਸ ਵਿਚ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਡੀ.ਏ.ਪੀ. ਅਤੇ ਯੂਰੀਆ ਲੈਣ ਸਮੇਂ ਉਸ ਦੇ ਨਾਲ ਨੈਨੋ ਯੂਰੀਆ ਤੇ ਡੀ.ਏ.ਪੀ. ਤਰਲ 16% ਦੀ ਪੈਕਿੰਗ ਧੱਕੇ ਨਾਲ ਦੇ ਕੇ ਕਿਸਾਨਾਂ ਦੀ ਲੁੱਟ ਕਰਨ 'ਤੇ ਚਰਚਾ ਹੋਈ | ਇਸ ਮੁੱਦੇ 'ਤੇ ਸਾਰੇ ਹਾਜ਼ਰ ਕਿਸਾਨਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਇਸ ਲੁੱਟ ਨੂੰ ਬੰਦ ਕੀਤਾ ਜਾਵੇ ਤੇ ਕੋਈ ਵੀ ਕਿਸਾਨ ਨੈਨੋ ਯੂਰੀਆ ਤੇ ਡੀ.ਏ.ਪੀ. ਤਰਲ ਦੀ ਪੈਕਿੰਗ ਨਹੀਂ ਲਵੇਗਾ | ਜੇਕਰ ਕੋਈ ਸੁਸਾਇਟੀ, ਕੰਪਨੀ ਜਾਂ ਕੋਈ ਦੁਕਾਨਦਾਰ ਧੱਕੇ ਨਾਲ ਇਹ ਸਮਾਨ ਕਿਸਾਨਾਂ ਸਿਰ ਮੜੇਗਾ ਤਾਂ ਉਸ ਦੇ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ | ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਬੀ.ਕੇ.ਯੂ. ਡਕੌਂਦਾ ਦੇ ਬਲਾਕ ਆਗੂ ਦਰਬਾਰਾ ਸਿੰਘ, ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਆਗੂ ਬੂਟਾ ਸਿੰਘ, ਬੀ.ਕੇ.ਯੂ ਏਕਤਾ ਆਜ਼ਾਦ ਦੇ ਆਗੂ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਦ ਦੀ ਘਾਟ ਦਾ ਡਰਾਵਾ ਦੇ ਕੇ ਡੀ.ਏ.ਪੀ. ਅਤੇ ਯੂਰੀਏ ਦੀ ਤਰਲ ਪੈਕਿੰਗ ਧੱਕੇ ਨਾਲ ਦਿੱਤੀ ਜਾਂਦੀ ਹੈ ਤੇ ਹੋਰ ਵੀ ਕਈ ਪ੍ਰਕਾਰ ਦਾ ਸਮਾਨ ਦਿੱਤਾ ਜਾਂਦਾ ਹੈ | ਜਿਸ ਨਾਲ ਪਹਿਲਾਂ ਤੋਂ ਹੀ ਕਰਜ਼ੇ ਵਿਚ ਖੁੱਭੇ ਕਿਸਾਨਾਂ ਦਾ ਆਰਥਿਕ ਨੁਕਸਾਨ ਅਤੇ ਲੁੱਟ ਹੁੰਦੀ ਹੈ | ਉਨ੍ਹਾਂ ਸੋਸਾਇਟੀ ਵਿਚ ਇਸ ਵਰਤਾਰੇ ਖ਼ਿਲਾਫ਼ ਮਤੇ ਪਾਉਣ ਦੀ ਅਪੀਲ ਵੀ ਕੀਤੀ | ਇਸ ਮੌਕੇ ਭੋਲਾ ਸਿੰਘ ਗੰਗੇਕਾ, ਪਰਗਟ ਸਿੰਘ, ਮਹਿੰਦਰ ਸਿੰਘ, ਰਾਣਾ ਸਿੰਘ, ਗੋਲਡੀ ਸਿੰਘ, ਗੁਰਦੀਪ ਸਿੰਘ ਸੁਸਾਇਟੀ ਮੈਂਬਰ, ਲਾਡਬਿੰਦਰ ਸਿੰਘ, ਭੋਲਾ ਸਿੰਘ ਪਨਾਂਚ, ਦਰਸ਼ਨ ਸਿੰਘ ਜਿਉਣੇਕਾ, ਦਰਸ਼ਨ ਸਿੰਘ ਵਪਾਰੀ, ਭੀਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ |