ਧੂਰੀ, ਸੰਦੌੜ, 22 ਸਤੰਬਰ (ਲਖਵੀਰ ਸਿੰਘ ਧਾਂਦਰਾ, ਜਸਵੀਰ ਸਿੰਘ ਜੱਸੀ) - ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਦੇ ਸੱਦੇ ਤੇ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵੱਲੋਂ 23 ਸਤੰਬਰ ਨੂੰ ਵਿਸ਼ਵ ਪੰਜਾਬ ਦਿਵਸ ਮਨਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪਿ੍ੰਸੀਪਲ ਸੁਨੀਲ ਕਦਮ ਨੇ ਦੱਸਿਆ ਕਿ ਇਸ ਦਿਨ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਆਉਣਗੇ ਅਤੇ ਨਿਰੋਲ ਪੰਜਾਬੀ ਭਾਸ਼ਾ ਵਿੱਚ ਗੱਲਬਾਤ ਕਰਨਗੇ | ਹਰ ਇੱਕ ਵਿਦਿਆਰਥੀ ਇੱਕ ਪੰਨਾ ਗੁਰਮੁਖੀ ਲਿਪੀ ਦਾ ਸੁੰਦਰ ਲਿਖਾਈ ਵਿੱਚ ਲਿਖ ਕੇ ਸੋਸ਼ਲ ਮੀਡੀਆ ਉੱਪਰ ਅੱਪਲੋਡ ਕਰੇਗਾ | ਇਸ ਦਿਨ ਸੰਸਥਾ ਵਿਚ ਵਿਦਿਆਰਥੀ ਕਵਿਤਾ ਉਚਾਰਨ, ਕਾਵਿ ਲੇਖਣ, ਨਿਬੰਧ ਲੇਖਣ, ਕਹਾਣੀ ਰਚਨਾ, ਵਾਦ-ਵਿਵਾਦ, ਭਾਸ਼ਣ ਮੁਕਾਬਲਾ, ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਮੁਕਾਬਲਾ, ਸ਼ਬਦ ਜੋੜ ਮੁਕਾਬਲਾ, ਬੋਲ-ਲਿਖਤ, ਸਵਾਲ-ਜਵਾਬ ਮੁਕਾਬਲਾ, ਪੋਸਟਰ ਮੁਕਾਬਲਾ, ਪੰਜਾਬੀ ਭਾਸ਼ਾ ਵਿਚ ਨਾਅਰਾ ਲਿਖਣਾ, ਅੱਖਰਕਾਰੀ ਮੁਕਾਬਲੇ ਵਿਚ ਹਿੱਸਾ ਲੈਣਗੇ | ਉਨ੍ਹਾਂ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਇਹ ਇੱਕ ਨਵਾਂ ਆਰੰਭ ਹੋ ਰਿਹਾ ਹੈ | ਡਾ. ਧੂਰੀ ਮੁਤਾਬਕ ਸਦੀਆਂ ਤੋਂ ਪੰਜਾਬੀਆਂ ਦੀ ਸਭਿਆਚਾਰਕ ਅਤੇ ਸਾਹਿਤਕ ਬੋਲੀ ਦਾ ਹੱਕ ਬਣਦਾ ਹੈ ਕਿ ਵਿਸ਼ਵ ਵਿਚ ਵੱਸਦੇ ਸਮੂਹ ਪੰਜਾਬੀ ਹਰ ਸਾਲ ਇੱਕ ਦਿਨ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ | ਪੰਜਾਬੀ ਬੋਲੀ ਨੂੰ ਇਹ ਹੱਕ ਦੇਣ ਲਈ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਹਰ ਸਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ | ਬਾਬਾ ਫ਼ਰੀਦ ਜੀ ਪੰਜਾਬੀ ਦੇ ਪਹਿਲੇ ਸਿਰਮੌਰ ਕਵੀਆਂ ਵਿਚੋਂ ਹਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਦੇ ਕੇ ਸਤਿਕਾਰਿਆ ਗਿਆ ਹੈ | ਪੰਜਾਬ ਦੀਆਂ ਸਮੂਹ ਸਿੱਖਿਅਕ ਸੰਸਥਾਵਾਂ ਸਕੂਲ ਅਤੇ ਕਾਲਜ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣਗੀਆਂ |