ਦਿੜਬਾ ਮੰਡੀ, 22 ਸਤੰਬਰ (ਛਾਜਲੀ) - ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਐਸ. ਡੀ. ਐਮ. ਦਫ਼ਤਰ ਦਿੜਬਾ ਵਿਖੇ ਦਿੜਬਾ ਹਲਕੇ ਦੀਆਂ ਗ੍ਰਾਮ ਪੰਚਾਇਤਾਂ ਨੂੰ 5 ਕਰੋੜ 18 ਲੱਖ ਰੁਪਏ ਦੇ ਚੈੱਕ ਵੰਡੇ ਜੋ ਪਿੰਡ ਪੱਧਰ 'ਤੇ ਅਤਿ ਆਧੁਨਿਕ ਵਿਕਾਸ ਲਈ ਇੱਕ ਮਹੱਤਵਪੂਰਨ ਕਦਮ ਹੈ | ਵਿੱਤ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ | ਸ. ਚੀਮਾ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਯੋਜਨਾਵਾਂ ਅਧੀਨ ਮਨਜ਼ੂਰ ਕੀਤੇ ਗਏ ਚੈੱਕਾਂ ਦਾ ਉਦੇਸ਼ ਪੰਚਾਇਤਾਂ ਨੂੰ ਉਨਾਂ ਦੇ ਸਬੰਧਿਤ ਪਿੰਡਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ, ਨਾਗਰਿਕ ਸਹੂਲਤਾਂ, ਸੈਨੀਟੇਸ਼ਨ ਸੁਧਾਰਾਂ ਅਤੇ ਹੋਰ ਭਲਾਈ ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ | ਇਹ ਪਹਿਲਕਦਮੀ ਇਹ ਯਕੀਨੀ ਬਣਾਉਂਦੀ ਹੈ ਕਿ ਸਥਾਨਕ ਸੰਸਥਾਵਾਂ ਨੂੰ ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੂ ਕਰਨ, ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਲਈ ਫ਼ੰਡਾਂ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ | ਉਨਾਂ ਕਿਹਾ ਕਿ Tਪੰਜਾਬ ਸਰਕਾਰ ਪੰਚਾਇਤਾਂ ਨੂੰ ਸਸ਼ਕਤ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਪਿੰਡ ਅਰਥਪੂਰਨ ਵਿਕਾਸ ਕਾਰਜ ਕਰ ਸਕਣ | ਇਹ ਫ਼ੰਡ ਪੰਚਾਇਤਾਂ ਨੂੰ ਸੜਕਾਂ, ਕਮਿਊਨਿਟੀ ਹਾਲ, ਜਲ ਸਪਲਾਈ ਪ੍ਰਣਾਲੀਆਂ ਅਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਦੇ ਯੋਗ ਬਣਾਉਣਗੇ | ਜਿਸ ਨਾਲ ਸਿੱਧੇ ਤੌਰ 'ਤੇ ਵਸਨੀਕਾਂ ਨੂੰ ਲਾਭ ਹੋਵੇਗਾ | ਵਿੱਤ ਮੰਤਰੀ ਨੇ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਵੰਡੇ ਗਏ ਫ਼ੰਡਾਂ ਦੀ ਵਰਤੋਂ ਸਮਝਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਕਰਨ | ਭਾਈਚਾਰੇ ਦੀ ਭਲਾਈ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾਵੇ | ਵਿਕਾਸ ਯੋਜਨਾਵਾਂ ਦੀ ਸਫਲਤਾ ਅਤੇ ਪੇਂਡੂ ਖੇਤਰਾਂ ਦੀ ਸਮੁੱਚੀ ਤਰੱਕੀ ਲਈ ਸਥਾਨਕ ਪ੍ਰਤੀਨਿਧੀਆਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ | ਵਿਧਾਨ ਸਭਾ ਹਲਕਾ ਦਿੜਬਾ ਨੂੰ ਸੂਬੇ ਵਿਚੋਂ ਅੱਵਲ ਹਲਕਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਗੁਜਰਾਂ ਵਿਖੇ ਅੱਖਾਂ ਦੇ ਇਲਾਜ ਸਬੰਧੀ ਮੁਫ਼ਤ ਮੈਡੀਕਲ ਕੈਂਪ ਵਿਚ ਵੀ ਸ਼ਿਰਕਤ ਕੀਤੀ | ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹੱਲ ਦਾ ਭਰੋਸਾ ਦਿੱਤਾ ਅਤੇ ਕੈਂਪ ਲਾਉਣ ਵਾਲੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ | ਇਸ ਵਿੱਤ ਮੰਤਰੀ ਦੇ ਓ.ਐੱਸ.ਡੀ. ਤਪਿੰਦਰ ਸਿੰਘ ਸੋਹੀ, ਇੰਪਰੂਵਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਮਾਰਕੀਟ ਕਮੇਟੀ ਦਿੜਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਨਗਰ ਪੰਚਾਇਤ ਦਿੜਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡਾਂ ਦੀਆਂ ਪੰਚਾਇਤਾਂ ਮੌਜੂਦ ਸਨ |