ਸੰਦੌੜ, 22 ਸਤੰਬਰ (ਜਸਵੀਰ ਸਿੰਘ ਜੱਸੀ) - ਭਾਰਤੀ ਕਿਸਾਨ ਯੂਨੀਅਨ ਕਾਂਦੀਆ ਦੀ ਇੱਕ ਅਹਿਮ ਮੀਟਿੰਗ ਇੱਥੇ ਸੂਬਾ ਸਕੱਤਰ ਜਨਰਲ ਭੁਪਿੰਦਰ ਸਿੰਘ ਬਨਭੌਰਾ, ਜਿਸ ਪ੍ਰਧਾਨ ਜਗਦੀਸ਼ ਸਿੰਘ ਚੋਦਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਦਸੌਂਧਾ ਸਿੰਘ ਵਾਲਾ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਣਾ ਦਸੌਂਦਾ ਸਿੰਘ ਵਾਲਾ ਨੇ ਦੱਸਿਆ ਕੇ ਕਿਸਾਨਾਂ ਨੂੰ ਡੀ .ਏ.ਪੀ ਖਾਦ ਦੀ ਬਹੁਤ ਕਿੱਲਤ ਆ ਰਹੀ ਹੈ | ਹੁਣ ਆਲੂਆਂ ਦੀ ਬਿਜਾਈ ਪੂਰੇ ਜੋਰਾਂ 'ਤੇ ਹੈ ਅਤੇ ਡੀ .ਏ.ਪੀ ਖਾਦ ਨਾ ਬਾਜ਼ਾਰ ਅਤੇ ਨਾ ਹੀ ਸੁਸਾਇਟੀਆਂ ਵਿਚ ਹੈ, ਇਸੇ ਕਾਰਨ ਕਿਸਾਨਾਂ ਦੀ ਕਣਕ ਦੀ ਬਿਜਾਈ ਲੇਟ ਹੋ ਰਹੀ ਹੈ ਅਤੇ ਕਿਸਾਨ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਸ ਲੋੜ ਨੂੰ ਪੰਜਾਬ ਸਰਕਾਰ ਜਲਦੀ ਪੂਰਾ ਕਰੇ ਨਹੀ ਕਿਸਾਨ ਜਥੇਬੰਦੀਆਂ ਨੂੰ ਕੋਈ ਵੱਡਾ ਸੰਘਰਸ਼ ਵਿੱਢਣਾ ਪਵੇਗਾ | ਕਿਉਂਕਿ ਅੱਗੇ ਕਣਕ ਦੀ ਬਿਜਾਈ ਲਈ ਡੀ .ਏ.ਪੀ ਖਾਦ ਵੱਡੀ ਮਾਤਰਾ ਵਿਚ ਜ਼ਰੂਰਤ ਪੈਂਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਝੋਨੇ ਦੀ ਫ਼ਸਲ ਉੱਪਰ ਜੋ ਕੁਦਰਤੀ ਕਰੋਪੀ ਆਈ ਅਤੇ ਘਟੀਆ ਪੈਸਟੀਸਾਈਡ, ਕਾਰਨ ਆਏ ਹਲਦੀ ਰੋਗ ਨਾਲ ਝੋਨੇ ਦੇ ਦਾਣਿਆਂ ਦਾ ਰੰਗ ਬਦਲ ਗਿਆ ਹੈ ਪੰਜਾਬ ਸਰਕਾਰ ਝੋਨੇ ਦੀ ਖਰੀਦ ਸਮੇਂ ਦਾਣਿਆਂ ਦੇ ਬਦਲੇ ਰੰਗ ਦੀ ਪੂਰਨ ਰੂਪ ਵਿਚ ਛੋਟ ਦੇਵੇ, ਤਾਂ ਜੋ ਕਿਸਾਨਾਂ ਦੀ ਫ਼ਸਲ ਮੰਡੀਆਂ ਵਿਚ ਨਿਰਵਿਘਨ ਅਤੇ ਬਿਨਾਂ ਕਿਸੇ ਕੱਟ ਤੋਂ ਵਿਕ ਸਕੇ | ਉਨ੍ਹਾਂ ਕਿਹਾ ਕਿ ਡੀਏਪੀ ਖਾਦ ਨੂੰ ਸਟੋਰ ਕਰਕੇ ਰੱਖਣ ਵਾਲੇ ਮੁਨਾਫ਼ਾ ਖੋਰਾਂ ਤੇ ਵੀ ਪੰਜਾਬ ਸਰਕਾਰ ਵਲੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |