ਮਲੇਰਕੋਟਲਾ, 25 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਦੇ ਲਈ 'ਪੱਬਾਂ ਭਾਰ' ਹੁੰਦਿਆਂ ਪਿੰਡਾਂ ਅੰਦਰ ਜਾ ਕੇ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ | ਡੀ.ਸੀ. ਮਲੇਰਕੋਟਲਾ ਵਿਰਾਜ ਐਸ. ਤਿੜਕੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਗਗਨਜੀਤ ਸਿੰਘ ਵਲੋਂ ਆਪ ਖ਼ੁਦ, 'ਪਰਾਲੀ ਨੂੰ ਅੱਗ' ਦੇ ਮਸਲੇ 'ਤੇ ਗੰਭੀਰ ਹੁੰਦਿਆਂ ਬੈਠਕਾਂ ਕੀਤੀਆਂ ਜਾ ਰਹੀਆਂ ਹਨ | ਪਰ ਉਧਰ ਕਿਸਾਨਾਂ ਨੇ ਤਰਕ ਦਿੱਤਾ ਕਿ ਉਹ ਤਾਂ ਪਹਿਲਾਂ ਹੀ ਡੀ.ਏ.ਪੀ. ਖਾਦ ਨੂੰ ਲੈ ਕੇ ਚਿੰਤਾ ਵਿਚ ਹਨ, ਕਿਉਂਕਿ ਆਲੂ ਬੀਜਣ ਦੇ ਲਈ ਉਨ੍ਹਾਂ ਕੋਲ ਖਾਦ ਨਹੀਂ ਹੈ ਪਰ ਹੁਣ ਪ੍ਰਸ਼ਾਸਨ ਵਲੋਂ ਅੱਗ ਦੇ ਮੁੱਦੇ ਨੂੰ ਲੈ ਕੇ ਕੀਤੀ ਸਖ਼ਤਾਈ ਦੇ ਨਾਲ ਕਿਸਾਨ ਵਰਗ 'ਤੇ ਦੂਹਰੀ ਮਾਰ ਪਵੇਗੀ | ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਤੋਂ ਰੋਕਣ ਲਈ ਸਬ ਡਵੀਜ਼ਨ ਮਲੇਰਕੋਟਲਾ, ਅਹਿਮਦਗੜ੍ਹ ਦੇ ਪਿੰਡਾਂ ਦੇ ਕਿਸਾਨਾਂ ਕੋਲ ਪਹੁੰਚ ਕੇ ਗੱਲਬਾਤ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਲੋਕਾਂ ਦੀ ਸਿਹਤ 'ਤੇ ਵੀ ਗੰਭੀਰ ਅਸਰ ਪੈਂਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਬੇਲਰ ਅਤੇ ਹੋਰ ਲੋੜੀਂਦੀ ਮਸ਼ੀਨਰੀ ਉਪਲਬਧ ਕਰਵਾਈ ਜਾਵੇਗੀ ਤਾਂ ਜੋ ਉਹ ਬਿਨਾਂ ਕਿਸੇ ਮੁਸ਼ਕਲ ਦੇ ਆਪਣੀ ਫ਼ਸਲ ਦੀ ਰਹਿੰਦ-ਖੰੂਹਦ ਦਾ ਨਿਪਟਾਰਾ ਕਰ ਸਕਣ | ਭਾਵੇਂ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਸ਼ਾਸਨ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਪੂਰੀ ਤਰ੍ਹਾਂ ਅਗਾਊਾ ਮੋਰਚਾਬੰਦੀ ਕੀਤੀ ਹੋਈ ਹੈ ਪਰ ਇਸ ਸਬੰਧੀ ਪਿੰਡਾਂ ਅੰਦਰ ਕਿਸਾਨਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਪਰਾਲੀ ਨੂੰ ਅੱਗ ਲਗਾਉਣਾ ਕੋਈ ਸ਼ੌਕ ਨਹੀਂ, ਮਜਬੂਰੀ ਹੈ | ਕਿਸਾਨਾਂ ਨੇ ਦੱਸਿਆ ਉਨ੍ਹਾਂ ਨੂੰ ਨਾ ਤਾਂ ਖੇਤੀ ਮਸ਼ੀਨਰੀ ਮੁਹੱਈਆ ਹੋ ਰਹੀ ਹੈ ਅਤੇ ਨਾ ਹੀ ਆਲੂ / ਕਣਕ ਬੀਜਣ ਦੇ ਲਈ ਡੀ.ਏ.ਪੀ. ਮਿਲ ਰਿਹਾ ਹੈ | ਕਿਸਾਨਾਂ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਸਹਿਕਾਰੀ ਸਭਾਵਾਂ ਦੀ ਬਜਾਏ ਨਿੱਜੀ ਦੁਕਾਨਦਾਰਾਂ ਕੋਲ ਡੀ.ਏ.ਪੀ. ਖਾਦ ਭਾਰੀ ਮਾਤਰਾ 'ਚ ਜਮਾਂ ਕੀਤੀ ਹੋਈ ਹੈ | ਜੇਕਰ ਸਹਿਕਾਰੀ ਸਭਾਵਾਂ ਅੰਦਰ ਖਾਦ ਨਹੀਂ ਹੈ ਤਾਂ ਫਿਰ ਨਿੱਜੀ ਦੁਕਾਨਦਾਰਾਂ ਕੋਲ ਖਾਦ ਕਿੱਥੋਂ ਆ ਗਈ, ਇਹ ਸਵਾਲ ਵੱਡਾ ਹੈ | ਕਿਸਾਨਾਂ ਨੇ ਆਖਿਆ ਕਿ ਪਰਾਲੀ ਵਾਂਗ ਡੀ.ਏ.ਪੀ. ਖਾਦ ਮਾਮਲੇ ਦੀ ਵੀ ਜਾਂਚ ਕੀਤੀ ਜਾਵੇ | ਬਿਨਾਂ ਸ਼ੱਕ ਇਸ ਵਾਰ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਸ਼ਾਸਨ ਵਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਠੱਲ੍ਹਣ ਦੇ ਲਈ ਪੂਰੀ ਤਰ੍ਹਾਂ ਮੁਸਤੈਦ ਹੁੰਦਿਆਂ ਪਲ-ਪਲ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ |