ਜੇਲ੍ਹ ਵਾਰਡਨ ਭਰਤੀ ਦੇ ਉਮੀਦਵਾਰਾਂ ਵਲੋਂ ਡੀ.ਸੀ. ਦਫ਼ਤਰ ਸੰਗਰੂਰ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ
ਸੰਗਰੂਰ, 27 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਜੇਲ੍ਹ ਵਾਰਡਨ ਭਰਤੀ ਦੇ ਚੁਣੇ ਹੋਏ ਉਮੀਦਵਾਰਾਂ ਨੇ ਅੱਜ ਸੰਗਰੂਰ ਦੇ ਡੀ. ਸੀ.
ਸੰਗਰੂਰ, 27 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਜੇਲ੍ਹ ਵਾਰਡਨ ਭਰਤੀ ਦੇ ਚੁਣੇ ਹੋਏ ਉਮੀਦਵਾਰਾਂ ਨੇ ਅੱਜ ਸੰਗਰੂਰ ਦੇ ਡੀ.ਸੀ. ਦਫ਼ਤਰ ਅੱਗੇ ਪੰਜਾਬ ਸਰਕਾਰ ਅਤੇ ਪੀ.ਐੱਸ.ਐੱਸ.ਐੱਸ.ਬੀ. ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਮੀਦਵਾਰਾਂ ਨੇ ਦੱਸਿਆ ਕਿ ਲਿਖਤੀ ਪ੍ਰੀਖਿਆ, ਫਿਜ਼ੀਕਲ ਟੈਸਟ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਫਾਈਨਲ ਨਤੀਜੇ ਨੂੰ 5 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਅਜੇ ਤੱਕ ਇੱਕ ਵੀ ਉਮੀਦਵਾਰ ਨੂੰ ਨਿਯੁਕਤੀ ਪੱਤਰ ਨਹੀਂ ਦਿੱਤਾ ਗਿਆ। ਉਮੀਦਵਾਰਾਂ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਅਸੀਂ ਹਰ ਹਫ਼ਤੇ ਪੀ.ਐਸ.ਐਸ.ਐਸ.ਬੀ. ਬੋਰਡ ਮੋਹਾਲੀ ਦੇ ਚੱਕਰ ਕੱਟਦੇ ਹਾਂ, ਬੋਰਡ ਵਾਲ਼ੇ ਕਹਿੰਦੇ ਹਨ ਫਾਈਲ ਜੇਲ੍ਹ ਵਿਭਾਗ ਕੋਲ਼ ਹੈ, ਜਦੋਂ ਜੇਲ੍ਹ ਵਿਭਾਗ ਕੋਲ਼ ਜਾਂਦੇ ਹਾਂ ਤਾਂ ਉਹ ਕਹਿੰਦੇ ਹਨ ਫਾਈਲ ਪੀ.ਐੱਸ.ਐੱਸ.ਐੱਸ.ਬੀ. ਕੋਲ਼ ਹੈ। ਉਮੀਦਵਾਰਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਗੁਰਦਾਸਪੁਰ, ਬਟਾਲਾ, ਪਠਾਨਕੋਟ ਅਤੇ ਫਿਰੋਜ਼ਪੁਰ, ਫਾਜ਼ਿਲਕਾ ਵਿੱਚ ਵੀ ਇਸੇ ਭਰਤੀ ਦੇ ਉਮੀਦਵਾਰ ਡੀ.ਸੀ. ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ, ਪਰ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਮੀਦਵਾਰਾਂ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀ ਜੁਆਇਨਿੰਗ ਤੁਰੰਤ ਨਹੀਂ ਕਰਵਾਈ ਗਈ ਤਾਂ 2 ਨਵੰਬਰ ਤੋਂ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੀ.ਐੱਸ.ਐੱਸ.ਐੱਸ.ਬੀ. ਬੋਰਡ ਦੀ ਹੋਵੇਗੀ।