ਸੰਗਰੂਰ, 27 ਸਤੰਬਰ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਕਾਂਗਰਸ ਐਸ.ਸੀ.ਸੈਲ. ਦੇ ਚੇਅਰਮੈਨ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਜਿੰਨਾ ਨੂੰ ਪਾਰਟੀ ਹਾਈ ਕਮਾਨ ਵਲੋਂ ਬਿਹਾਰ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਦਰਭੰਗਾ ਜ਼ਿਲ੍ਹੇ ਦੀਆਂ ਪੰਜ ਵਿਧਾਨ ਸਭਾ ਹਲਕਿਆਂ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ, ਨੇ ਦਾਅਵਾ ਕੀਤਾ ਕਿ ਕਾਂਗਰਸ ਅਤੇ ਜਨਤਾ ਦਲ ਦਾ ਗੱਠਜੋੜ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗਾ | ਬਿਹਾਰ ਵਿਚ ਆਪਣੇ ਪੰਦਰਾਂ ਦਿਨਾਂ ਦੇ ਚੋਣ ਦੌਰੇ ਉਪਰੰਤ ਸੰਗਰੂਰ ਪਰਤੇ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਬਿਹਾਰੀ ਇਸ ਵਾਰ ਨਿਤਿਸ਼ ਕੁਮਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਛੁਟਕਾਰਾ ਪਾਉਣ ਲਈ ਪੱਬਾਂ ਭਾਰ ਹਨ ਅਤੇ ਉੱਥੋਂ ਦੇ ਸ਼ਹਿਰੀ ਹਲਕਿਆਂ ਦੇ ਨਾਲ-ਨਾਲ ਪਿੰਡਾਂ ਵਿਚ ਜੋ ਹਵਾ ਕਾਂਗਰਸ ਗੱਠਜੋੜ ਦੀ ਬਣੀ ਹੋਈ ਹੈ, ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਬਿਹਾਰ ਤੋਂ ਉੱਠਣ ਵਾਲਾ ਬਦਲਾਅ ਪੂਰੇ ਦੇਸ਼ ਵਿਚ ਜਾਵੇਗਾ | ਉਨ੍ਹਾਂ ਕਿਹਾ ਕਿ ਬਿਹਾਰ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਜ਼ਿਲੇ੍ਹ ਗੁਜਰਾਤ ਵਿਚੋਂ ਵੀ ਭਾਜਪਾ ਨੂੰ ਪਛਾੜਿਆ ਜਾਵੇਗਾ ਅਤੇ ਦਲਿਤਾਂ ਦਾ ਸ਼ੋਸ਼ਣ ਕਰਨ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਵੱਡਾ ਸਬਕ ਸਿਖਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਜਲਦ ਸੰਗਰੂਰ ਤੋਂ ਜਥਾ ਬਿਹਾਰ ਚੋਣ ਪ੍ਰਚਾਰ ਲਈ ਰਵਾਨਾ ਹੋਵੇਗਾ |