ਸੰਗਰੂਰ, 18 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਯੂਨਿਟ ਦੇ ਪ੍ਰਧਾਨ ਸ੍ਰੀ ਭੁਪਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੋਸ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਪੈਨਸ਼ਨਰਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸ਼ਮੂਲੀਅਤ ਕੀਤੀ | ਪਿ੍ੰਸੀਪਲ ਹਰਵਿੰਦਰ ਭੱਠਲ ਅਤੇ ਸਤਪਾਲ ਸਿੰਗਲਾ ਵਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਪ੍ਰਧਾਨ ਭੁਪਿੰਦਰ ਸਿੰਘ ਜੱਸੀ ਨੇ ਕਿਹਾ ਕਿ ਇਸ ਸਰਕਾਰ ਨੂੰ ਹੋਂਦ ਵਿਚ ਆਇਆਂ ਸਾਢੇ ਤਿੰਨ ਸਾਲ ਦਾ ਸਮਾਂ ਹੋ ਗਿਆ ਹੈ |ਪ੍ਰੰਤੂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਜਿਸ ਕਾਰਨ ਪੰਜਾਬ ਦੇ ਸੈਂਕੜੇ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਬਜ਼ੁਰਗ ਪੈਨਸ਼ਨਰਾਂ ਨੂੰ ਆਪਣੀਆਂ ਮੰਗਾਂ ਮਨਾਉਣ ਲਈ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਾ ਪਿਆ ਹੈ | ਪੰਜਾਬ ਸਟੇਟ ਪੈਨਸ਼ਨਰਜ਼ ਕੰਨਫਡੈਰੇਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਸ੍ਰੀ ਰਾਜ ਕੁਮਾਰ ਅਰੋੜਾ ਜੋ ਕਿ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਵੀ ਪ੍ਰਧਾਨ ਹਨ, ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ | ਸੂਬਾਈ ਪੈਨਸ਼ਨਰ ਆਗੂ ਸ੍ਰੀ ਅਰੋੜਾ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 16 ਪ੍ਰਤੀਸ਼ਤ ਮਹਿੰਗਾਈ ਭੱਤੇ ਅਤੇ ਭੱਤੇ ਦੀਆਂ ਪੰਜ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ | ਛੇਵੇਂ ਤਨਖ਼ਾਹ ਕਮਿਸ਼ਨ ਨੂੰ ਪੂਰਨ ਰੂਪ ਵਿਚ ਲਾਗੂ ਕੀਤਾ ਜਾਵੇ | ਇਸ ਰੈਲੀ ਨੂੰ ਜੰਟ ਸਿੰਘ ਸੋਹੀਆਂ, ਨੰਦ ਲਾਲ ਮਲਹੋਤਰਾ, ਵਿੱਤ ਸਕੱਤਰ ਲਾਭ ਸਿੰਘ, ਕਰਨੈਲ ਸਿੰਘ ਸੇਖੋਂ(ਜ਼ਿਲ੍ਹਾ ਵਿੱਤ ਸਕੱਤਰ), ਹਰਪਾਲ ਸਿੰਘ ਸੰਗਰੂਰੀਆ, ਨਰਾਤਾ ਰਾਮ ਸਿੰਗਲਾ, ਕਿਸ਼ੋਰੀ ਲਾਲ, ਗੁਰਦੇਵ ਸਿੰਘ ਲੂੰਬਾ, ਸੁਰਿੰਦਰ ਪਾਲ ਗਰਗ, ਕੰਵਲਜੀਤ ਸਿੰਘ, ਬਲਦੇਵ ਰਾਜ ਮਦਾਨ, ਜਨਕ ਰਾਜ ਜੋਸ਼ੀ, ਗੁਰਦੇਵ ਸਿੰਘ ਭੂਲਰ, ਜਰਨੈਲ ਸਿੰਘ ਲੁਬਾਣਾ, ਨਰੇਸ਼ ਭੱਲਾ ਆਦਿ ਨੇ ਵੀ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਰਕਾਰ ਨੂੰ ਤਿੱਖੇ ਤੋਂ ਤਿੱਖੇ ਸੰਘਰਸ਼ ਕਰ ਕੇ ਸਬਕ ਸਿਖਾਇਆ ਜਾ ਸਕਦਾ ਹੈ | ਰੈਲੀ ਉਪਰੰਤ ਰੋਸ ਮਾਰਚ ਵੀ ਕੱਢਿਆ ਗਿਆ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜੇਕਰ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆ ਨਕਦ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੂਬਾ ਪੱਧਰ 'ਤੇ ਵਿਸ਼ਾਲ ਸੰਘਰਸ਼ ਕੀਤੇ ਜਾਣਗੇ | ਇਸ ਮੌਕੇ 'ਤੇ ਭਰਪੂਰ ਸਿੰਘ, ਹਸਨ ਸਿੰਘ, ਰਘੂਨਾਥ, ਦਰਬਾਰਾ ਸਿੰਘ, ਵਿਜੈ ਕੁਮਾਰ, ਸੋਹਨ ਲਾਲ, ਅਸੋਕ ਕੁਮਾਰ, ਪਿ੍ਤਪਾਲ ਸਿੰਘ, ਹਰਦਿਆਲ ਸਿੰਘ, ਪਵਨ ਕੁਮਾਰ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਵੱਡੇ ਗਿਣਤੀ ਵਿਚ ਪੈਨਸ਼ਨਰ ਮੌਜੂਦ ਸਨ |