ਖਨੌਰੀ, 18 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਬਲਾਕ ਮੂਨਕ ਦੀਆਂ ਖੇਡਾਂ ਵਿਚ ਅਨਦਾਨਾ ਕਲੱਸਟਰ ਦੀ ਬੱਲੇ ਬੱਲੇ ਰਹੀ | ਜਿਨ੍ਹਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬਨਾਰਸੀ ਸਕੂਲ ਦੇ 28 ਖਿਡਾਰੀ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਲਈ ਸਲੈਕਟ ਹੋਏ ਹਨ | ਇਨ੍ਹਾਂ ਖੇਡਾਂ ਵਿਚ ਹੈਂਡਬਾਲ( ਲੜਕੇ ਅਤੇ ਲੜਕੀਆਂ) ਵਿਚ ਅਨਦਾਨਾ ਕਲੱਸਟਰ ਪਹਿਲੀ ਪੁਜੀਸ਼ਨ, ਫੁੱਟਬਾਲ ਵਿਚ ਲੜਕੇ ਅਤੇ ਲੜਕੀਆਂ ਪਹਿਲੀ ਪੁਜੀਸ਼ਨ, ਨੈਸ਼ਨਲ ਸਟਾਈਲ ਕਬੱਡੀ ਲੜਕਿਆਂ ਵਿਚ ਅਨਦਾਨਾ ਕਲੱਸਟਰ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕਰ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਕੁਸ਼ਤੀਆਂ ਵਿਚ 25 ਕਿਲੋ ਭਾਰ ਵਿਚ ਬਨਾਰਸੀ ਸਕੂਲ ਦੀ ਦੂਜੀ ਪੁਜੀਸ਼ਨ ਅਤੇ 28, 30 ਅਤੇ 32 ਕਿਲੋ ਭਾਰ ਵਿਚ ਪਹਿਲੀ ਪੁਜੀਸ਼ਨ ਹਾਸਿਲ ਕਰ ਕੇ ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਨੇ ਆਪਣੀ ਛਾਪ ਛੱਡੀ | ਸ਼ਾਟ ਪੁਟ ਵਿਚ ਬਨਾਰਸੀ ਸਕੂਲ ਦਾ ਬੱਚਾ ਅੰਸ਼ੁਲ ਦੂਜੇ ਸਥਾਨ ਤੇ ਰਿਹਾ | ਮਾਣ ਵਾਲੀ ਗੱਲ ਇਹ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਦੇ 28 ਬੱਚੇ ਜ਼ਿਲ੍ਹੇ ਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸਲੈਕਟ ਹੋਏ ਹਨ | ਇਹ ਖੇਡ ਪ੍ਰਾਪਤੀਆਂ ਕਰ ਕੇ ਜਿੱਥੇ ਸਕੂਲ ਮਾਪੇ ਅਤੇ ਅਧਿਆਪਕ ਦਾ ਮਾਣ ਵਧਿਆ ਓਥੇ ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗਲ ਹੈ | ਪਿੰਡ ਦੀ ਪੰਚਾਇਤ, ਐਸ.ਐਮ.ਸੀ. ਅਤੇ ਸਕੂਲ ਵਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿੰਡ ਦੀ ਪੰਚਾਇਤ ਅਤੇ ਐਸ ਐਮ ਸੀ ਨੇ ਸਮੂਹ ਸਟਾਫ਼, ਸਕੂਲ ਇੰਚਾਰਜ ਮਹਾਂਵੀਰ ਸਿੰਘ ਗਿੱਲ, ਬਹਾਦੁਰ ਸਿੰਘ, ਪਰਮਜੀਤ ਕੌਰ, ਸ਼ਮਸ਼ੇਰ ਸਿੰਘ ਅਤੇ ਗੌਰਵ ਗੋਇਲ ਨੂੰ ਖੇਡ ਪ੍ਰਾਪਤੀਆਂ 'ਤੇ ਵਧਾਈ ਦਿੱਤੀ |