ਖਨੌਰੀ, 19 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਪੰਜ ਨਵੰਬਰ ਨੂੰ ਆ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਥਾਨਕ ਸ਼ਹਿਰ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਸ਼ਹਿਰ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਸੰਤ ਆਸ਼ਰਮ ਤੋਂ ਰੋਜ਼ਾਨਾ ਹੀ ਸਵੇਰੇ ਕਰੀਬ ਸਾਢੇ ਚਾਰ ਵਜੇ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ | 26 ਸਤੰਬਰ ਤੋਂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਸੰਤ ਆਸ਼ਰਮ ਤੋਂ ਪ੍ਰਭਾਤ ਫੇਰੀਆਂ ਕੱਢਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਪੰਜ ਨਵੰਬਰ ਤੱਕ ਲਗਾਤਾਰ ਜਾਰੀ ਰਹੇਗਾ | ਅੱਜ ਦੀ ਪ੍ਰਭਾਤ ਫੇਰੀ ਰਜਿੰਦਰ ਕੁਮਾਰ ਕਾਂਸਲ (ਰਾਜੂ) ਪੇਟੀਆਂ ਵਾਲੇ ਦੀ ਦੁਕਾਨ 'ਤੇ ਸੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਛਪਾਲ ਸਿੰਘ, ਕਥਾਵਾਚਕ ਭਾਈ ਗੁਰਜੀਤ ਸਿੰਘ ਵਲੋਂ ਕੀਰਤਨ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਪਵਿੱਤਰ ਸਿੰਘ ਵਲੋਂ ਰਾਜਿੰਦਰ ਕੁਮਾਰ ਕਾਂਸਲ ਨੂੰ ਸਨਮਾਨ ਵਜੋਂ ਸਿਰਪਾਓ ਭੇਟ ਕੀਤਾ ਗਿਆ | ਰਾਜਿੰਦਰ ਕੁਮਾਰ ਕਾਂਸਲ ਦੇ ਪਰਿਵਾਰ ਵਲੋਂ ਵੀ ਜਿੱਥੇ ਬਾਬਾ ਪਵਿੱਤਰ ਸਿੰਘ ਸਮੇਤ ਰਾਗੀਆਂ ਕਥਾਵਾਚਕਾਂ ਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ ਉਥੇ ਪ੍ਰਭਾਤ ਫੇਰੀ ਵਿਚ ਆਈ ਸੰਗਤ ਨੂੰ ਚਾਹ ਪ੍ਰਸ਼ਾਦ ਦਾ ਲੰਗਰ ਛਕਾਇਆ | ਇਸ ਮੌਕੇ 'ਤੇ ਭਾਈ ਦੀਦਾਰ ਸਿੰਘ, ਗੁਰਚਰਨ ਸਿੰਘ ਛਾਬੜਾ, ਹਰਦੀਪ ਸਿੰਘ ਥਿੰਦ, ਸੁਰਿੰਦਰ ਸਿੰਘ ਪਨੇਸਰ, ਹਰਜਿੰਦਰ ਸਿੰਘ ਬੈਂਕ ਵਾਲੇ, ਮਹਿੰਦਰ ਸਿੰਘ ਬੈਂਕ ਵਾਲੇ, ਚੰਨਾ ਸਿੰਘ ਡਰੋਲੀ, ਸੁਰਿੰਦਰ ਸਿੰਘ, ਗੁਰਮੀਤ ਸਿੰਘ ਅਰੋੜਾ, ਪ੍ਰੋ. ਅਮਨਦੀਪ ਸਿੰਘ, ਸੋਨੂੰ ਖੁਰਾਣਾ, ਸਤਨਾਮ ਸਿੰਘ ਖਿੰਡਾ, ਗੁਰਪ੍ਰੀਤ ਸਿੰਘ ਅਰੋੜਾ, ਅਮਰਿੰਦਰ ਸਿੰਘ ਅਰੋੜਾ, ਦਲੇਰ ਸਿੰਘ ਚੀਮਾ ਆਦਿ ਮੌਜੂਦ ਸਨ |