ਧੂਰੀ, 21 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪੰਜਾਬ ਨੂੰ ਸਿਹਤਮੰਦ ਅਤੇ ਬਿਮਾਰੀ ਮੁਕਤ ਸੂਬਾ ਬਣਾਉਣ ਲਈ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਦਾ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਮਰੀਜ਼ ਲਾਭ ਲੈ ਰਹੇ ਹਨ | ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਹਲਕੇ ਧੂਰੀ ਵਿਖੇ ਚੱਲ ਰਹੇ 10 ਆਮ ਆਦਮੀ ਕਲੀਨਿਕਾਂ 'ਚ ਹੁਣ ਤੱਕ 4 ਲੱਖ 31 ਹਜ਼ਾਰ 780 ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ ਅਤੇ 69 ਹਜ਼ਾਰ 913 ਮਰੀਜ਼ਾਂ ਦੇ ਮੁਫ਼ਤ ਟੈੱਸਟ ਕੀਤੇ ਜਾ ਚੁੱਕੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਅਤੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਧੂਰੀ ਹਲਕੇ ਵਿਚ 10 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ ਇਲਾਕਾ ਨਿਵਾਸੀਆਂ ਦੀ ਮੰਗ 'ਤੇ 3 ਹੋਰ ਕਲੀਨਿਕ ਖੋਲ੍ਹਣ ਲਈ ਕੰਮ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਨਵੇਂ ਖੁੱਲ੍ਹਣ ਵਾਲੇ ਕਲੀਨਿਕਾਂ ਵਿਚ ਪਿੰਡ ਦੀਦਾਰਗੜ੍ਹ, ਦਸਮੇਸ਼ ਨਗਰ ਅਤੇ ਕ੍ਰਾਂਤੀ ਚੌਕ ਨੇੜੇ ਮੁੱਖ ਮੰਤਰੀ ਸਹਾਇਤਾ ਕੇਂਦਰ ਵਿਖੇ ਨਵੇਂ ਆਮ ਆਦਮੀ ਕਲੀਨਿਕ ਖੋਲੇ੍ਹ ਜਾਣਗੇ | ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਫ਼ਤ ਮਿਲਣ ਲੱਗੀਆਂ ਹਨ, ਜਿਸ ਦਾ ਲੋਕਾਂ ਵਲੋਂ ਲਾਭ ਉਠਾਇਆ ਜਾ ਰਿਹਾ ਹੈ |