ਮੂਨਕ, 31 ਅਕਤੂਬਰ (ਵਰਿੰਦਰ ਭਾਰਦਵਾਜ) - ਸੰਗਰੂਰ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਸਰਤਾਜ ਸਿੰਘ ਚਾਹਲ ਵਲੋਂ ਨੈਸ਼ਨਲ ਗਰੀਨ ਟਿ੍ਬਿਊਨਲ, ਭਾਰਤ ਸਰਕਾਰ ਕਮਿਸ਼ਨ ਫ਼ਾਰ ਏਅਰ ਕੁਆਲਿਟੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ਤੇ ਪਰਾਲੀ, ਰਹਿੰਦ ਖੂੰਹਦ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋ ਪਿੰਡ-ਪਿੰਡ ਖੇਤਾਂ ਵਿਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੇ ਬਦਲਵੇਂ ਪ੍ਰਬੰਧਾਂ ਨਾਲ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਦਾ ਨਿਪਟਾਰਾ ਕਰਨ ਲਈ ਪੂਰੀ ਮੁਸਤੈਦੀ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ ਪ੍ਰੰਤੂ ਫਿਰ ਵੀ ਕੁਝ ਕੁ ਕਿਸਾਨ ਝੋਨੇ ਦੀ ਪਰਾਲੀ ਸਾੜ ਕੇ ਵਾਤਾਵਰਨ ਨੂੰ ਦੂਸ਼ਿਤ ਕਰਨ ਵਿਚ ਵਾਧਾ ਕਰ ਰਹੇ ਹਨ | ਡੀ.ਐਸ.ਪੀ ਮੂਣਕ ਸ੍ਰ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਸਾੜਨ ਸਬੰਧੀ ਪੁਲਿਸ ਸਬ ਡਵੀਜ਼ਨ ਮੂਣਕ ਅਧੀਨ ਆਉਂਦੇ ਥਾਣੇ ਮੂਣਕ ਦੇ ਪਿੰਡਾ ਦੇ 5 ਕਿਸਾਨਾਂ ਵਿਰੁੱਧ ਮੁਕੱਦਮੇ ਅਤੇ ਥਾਣਾ ਖਨੌਰੀ ਅਧੀਨ ਆਉਂਦੇ ਪਿੰਡਾ ਦੇ 3 ਕਿਸਾਨਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਹਨ | ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਕਿਸਾਨ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਸ੍ਰ ਬੱਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਦਾ ਇਹ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰਹੇਗਾ | ਇਸ ਮੌਕੇ ਐਸ ਐੱਚ ਓ ਮੂਨਕ ਸੌਰਭ ਸੱਭਰਵਾਲ, ਐਸ.ਐੱਚ.ਓ ਖਨੌਰੀ ਹਰਮਿੰਦਰ ਸਿੰਘ, ਰੀਡਰ ਟੂ ਡੀ.ਐਸ.ਪੀ ਹਰਮੇਸ਼ ਸਿੰਘ ਆਦਿ ਮੌਜੂਦ ਸਨ |