ਸੰਗਰੂਰ, 7 ਦਸੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ, ਨਗਰ ਕੌਂਸਲ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਨੱਥੂ ਲਾਲ ਢੀਂਗਰਾ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਵਿਨੋਦ ਕੁਮਾਰ ਬੋਦੀ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਵਿਚ ਸੰਗਰੂਰ ਜ਼ਿਲੇ੍ਹ ਅੰਦਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਗਰ ਕੌਂਸਲ ਚੋਣਾ ਵਿਚ ਕਾਂਗਰਸ ਸੰਗਰੂਰ ਅੰਦਰ ਸ਼ਾਨਦਾਰ ਪ੍ਰਦਰਸ਼ਨ ਕਰਨ ਵਿਚ ਸਫਲ ਰਹੀ ਸੀ ਉਸੇ ਤਰਜ਼ ਉੱਤੇ ਪਿੰਡਾਂ ਵਿਚ ਵੀ ਪਾਰਟੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਏਗੀ | ਸੰਗਰੂਰ ਜ਼ਿਲੇ੍ਹ ਵਿਚ ਪਿਛਲੇ ਚਾਰ ਸਾਲਾ ਦੌਰਾਨ ਵਿਕਾਸ ਕਾਰਜ ਦਾ ਪਹੀਆਂ ਪੂਰੀ ਤਰ੍ਹਾਂ ਠੱਪ ਹੋਣ ਦੀ ਗੱਲ ਕਰਦਿਆਂ ਢੀਂਗਰਾ ਨੇ ਕਿਹਾ ਕਿ ਇੰਨਾ ਚੋਣਾ ਉਪਰੰਤ 2027 ਦੀ ਵਿਧਾਨ ਸਭਾ ਚੋਣਾ ਵਿਚ ਪਾਰਟੀ ਦੀ ਜਿੱਤ ਦਾ ਰਾਹ ਪੱਧਰਾ ਹੋ ਜਾਵੇਗਾ ਅਤੇ ਸੰਗਰੂਰ ਜ਼ਿਲੇ੍ਹ ਵਿਚ ਇਹ ਪ੍ਰਦਰਸ਼ਨ ਸਭ ਤੋਂ ਸਰਬੋਤਮ ਰਹੇਗਾ | ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੰਜਾਬ ਜਿਸ ਤਰ੍ਹਾਂ ਧਰਨਿਆਂ, ਪ੍ਰਦਰਸ਼ਨਾਂ ਵਿਚ ਕੈਦ ਹੈ ਉਹ ਇਸ ਸੂਬੇ ਨੂੰ ਅਰਾਜਕਤਾ ਵੱਲ ਧੱਕਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ |