ਧਰਮਗੜ੍ਹ, 17 ਦਸੰਬਰ (ਗੁਰਜੀਤ ਸਿੰਘ ਚਹਿਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਨੂੰ ਲੈ ਕੇ ਖ਼ੁਸ਼ੀ ਅਤੇ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ | ਜਿੱਤ ਦੀ ਖ਼ਬਰ ਮਿਲਦਿਆਂ ਹੀ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਢੋਲ ਦੀ ਗੂੰਜ 'ਚ ਪਾਰਟੀ ਵਰਕਰਾਂ ਇਕ ਦੂਜੇ ਨੂੰ ਜਿੱਤ ਦੀ ਵਧਾਈ ਦਿੰਦਿਆਂ ਇਸ ਜਿੱਤ ਨੂੰ ਵਿਕਾਸ ਅਤੇ ਲੋਕਾਂ ਦੇ ਭਰੋਸੇ ਦੀ ਜਿੱਤ ਕਰਾਰ ਦਿੱਤਾ ਹੈ | ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰਪਾਲ ਰਿਸ਼ੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰ ਕੇ ਬਲਾਕ ਸੰਮਤੀ ਮੈਂਬਰ ਬਣੇ ਹਨ, ਉਨ੍ਹਾਂ ਨੂੰ ਦੋਵੇਂ ਪਿੰਡਾਂ ਧਰਮਗੜ੍ਹ ਅਤੇ ਸਤੌਜ ਤੋਂ 1250 ਵੋਟਾਂ ਪਈਆ, ਜਦੋਂ ਕਿ ਅਕਾਲੀ ਦਲ ਨੂੰ 467, ਕਾਂਗਰਸ ਨੂੰ 455 ਅਤੇ ਬਸਪਾ ਨੂੰ 296 ਵੋਟਾਂ ਮਿਲੀਆ, ਇਸੇ ਤਰ੍ਹਾਂ ਹੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬਲਵਾਸ ਜਖੇਪਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵੀਰ ਸਿੰਘ ਮਾਨ ਜਿੱਤ ਹਾਸਲ ਕਰਕੇ ਬਾਜੀ ਮਾਰ ਗਏ | ਦੋਵੇਂ ਉਮੀਦਵਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ, ਜਿੰਨਾ ਉਨ੍ਹਾਂ ਨੂੰ ਜਿਤਾਉਣ ਲਈ ਦਿਨ ਰਾਤ ਮਿਹਨਤ ਕੀਤੀ | ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਪਿੰਡ ਸਤੌਜ ਅਤੇ ਇਲਾਕੇ ਭਰ ਦੇ ਵੋਟਰਾਂ ਨੇ ਇਕ ਵਾਰ ਫਿਰ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਮੁਖੀ ਸੋਚ 'ਤੇ ਮੋਹਰ ਲਗਾਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਚੁਣੇ ਗਏ ਨੁਮਾਇੰਦੇ ਪਿੰਡਾਂ ਦੇ ਵਿਕਾਸ, ਸਾਫ਼-ਸੁਥਰੇ ਪ੍ਰਸ਼ਾਸਨ ਤੇ ਲੋਕ-ਭਲਾਈ ਦੇ ਕੰਮਾਂ ਨੂੰ ਪਹਿਲ ਦੇਣਗੇ ਤੇ ਲੋਕਾਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਆਸ ਜਤਾਈ ਕਿ ਆਉਣ ਵਾਲੇ ਸਮੇਂ 'ਚ ਇਲਾਕੇ ਭਰ 'ਚ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਹੋਣਗੇ | ਪਿੰਡ ਸਤੌਜ 'ਚ ਖ਼ਬਰ ਲਿਖੇ ਜਾਣ ਤੱਕ ਜਿੱਤ ਦੇ ਜਸ਼ਨ ਜਾਰੀ ਰਹੇ ਅਤੇ ਪੂਰਾ ਮਾਹੌਲ ਖ਼ੁਸ਼ੀਆਂ ਨਾਲ ਭਰਿਆ ਰਿਹਾ |