* ਪਿਛਲੇ ਦੋ ਸਾਲਾਂ ਤੋਂ ਸੁੱਤਾ ਪਿਆ ਹੈ ਸੰਬੰਧਿਤ ਵਿਭਾਗ * ਡਿਪਟੀ ਕਮਿਸ਼ਨਰ ਸੰਗਰੂਰ ਦੀ ਰਿਹਾਇਸ਼ ਵਾਲੀ ਇਸ ਸੜਕ ਦੇ 500 ਮੀਟਰ ਦੇ ਟੋਟੇ ਨੂੰ ਡੇਢ ਸਾਲ ਤੋਂ ਕਰ ਰੱਖਿਆ ਹੈ ਬੰਦ
ਸੰਗਰੂਰ, 18 ਦਸੰਬਰ (ਧੀਰਜ ਪਸੌਰੀਆ)-ਵੈਸੇ ਤਾਂ ਪੰਜਾਬ ਵਿਚ ਹਜ਼ਾਰਾਂ ਅਜਿਹੀਆਂ ਸੜਕਾਂ ਹਨ ਜਿੰਨਾਂ ਤੇ ਨਾਂ ਸਾਈਨ ਬੋਰਡ, ਨਾਂ ਪੁਲਾਂ ਦੇ ਜੰਗਲੇ, ਤੰਗ ਪੁਲ ਅਤੇ ਨਾਂ ਕਿਨਾਰਿਆਂ ਅਤੇ ਵਿਚਕਾਰ ਪੱਟੀਆਂ ਲੱਗੀਆਂ ਹੋਈਆਂ ਹਨ | ਇਹ ਊਣਤਾਈਆਂ ਅੱਜ ਕੱਲ੍ਹ ਧੁੰਦਾਂ ਦੇ ਦਿਨਾਂ ਵਿਚ ਹਾਦਸਿਆਂ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ | ਸੈਂਕੜਿਆਂ ਦੀ ਗਿਣਤੀ ਵਿਚ ਵੱਸਦੇ ਰਸਦੇ ਘਰਾਂ ਵਿਚ ਸੱਥਰ ਵਿਛ ਜਾਂਦੇ ਹਨ ਪਰ ਹੈਰਾਨਗੀ ਉਦੋਂ ਹੁੰਦੀ ਹੈ ਜਦੋਂ ਇਹ ਊਣਤਾਈਆਂ ਰਾਜ ਮਾਰਗਾਂ ਤੇ ਕੌਮੀ ਮਾਰਗਾਂ ਤੇ ਵੇਖਣ ਨੂੰ ਮਿਲਦੀਆਂ ਹਨ, ਉਸ ਵਿਚੋਂ ਇੱਕ ਹੈ ਸੰਗਰੂਰ ਦਿੱਲੀ ਜਾਣ ਵਾਲਾ ਕੌਮੀ ਮਾਰਗ | ਇਹ ਮਾਰਗ ਸੰਗਰੂਰ ਮਹਾਂਵੀਰ ਚੌਂਕ ਤੋਂ ਸ਼ੁਰੂ ਹੁੰਦਾ ਹੈ | ਬਠਿੰਡਾ ਜ਼ੀਰਕਪੁਰ ਬਾਈਪਾਸ ਤੱਕ ਇਹ ਸਿੰਗਲ (ਬਗੈਰ ਡਵਾਈਡਰ) ਹੈ | ਬਾਈਪਾਸ ਤੋਂ ਅੱਗੇ ਇਹ ਫੋਰ ਲੇਨ ਹੈ | ਸੰਗਰੂਰ ਸ਼ਹਿਰ ਤੋਂ ਬਾਈਪਾਸ ਤੱਕ ਇਸ ਸੜਕ ਤੇ ਪਿਛਲੇ ਦੋ ਸਾਲਾਂ ਤੋਂ ਕਿਨਾਰਿਆਂ ਦੀਆਂ ਅਤੇ ਵਿਚਕਾਰ ਵਾਲੀ ਪੱਟੀ ਖ਼ਤਮ ਹੋ ਗਈ | ਇੰਨਾ ਪੱਟੀਆਂ ਦੇ ਸਹਾਰੇ ਹੀ ਧੁੰਦਾਂ ਦੇ ਸਮੇਂ ਵਹੀਕਲ ਚਲਦੇ ਹਨ | ਰਾਤਾਂ ਨੂੰ ਧੁੰਦ ਕਰ ਕੇ ਵਾਹਨ ਦੁਰਘਟਨਾ ਗ੍ਰਸਤ ਹੁੰਦੇ ਹਨ | ਇਹ ਜਾਣਕਾਰੀ ਦਿੰਦਿਆਂ ਸ਼ਹਿਰ ਸੰਗਰੂਰ ਵਿਕਾਸ ਮੰਚ ਦੇ ਕਾਰਜਕਾਰੀ ਮੈਂਬਰ ਮਨਧੀਰ ਸਿੰਘ ਰਾਜੋਮਾਜਰਾ ਨੇ ਦੱਸਿਆ ਪਿਛਲੇ ਦੋ ਤਿੰਨ ਦਿਨਾਂ ਤੋਂ ਪੈ ਰਹੀ ਧੁੰਦ ਕਾਰਨ ਇਸ ਸੜਕ ਪੰਜ ਛੇ ਦੁਰਘਟਨਾਵਾਂ ਹੋਈਆਂ, ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਇਸ ਸੜਕ ਵਿਚ ਤਕਨੀਕੀ ਤੌਰ ਤੇ ਬਹੁਤ ਖਾਮੀਆਂ ਹਨ | ਬਠਿੰਡਾ ਜ਼ੀਰਕਪੁਰ ਬਾਈਪਾਸ ਤੋਂ ਇਹ ਸੜਕ ਥੋੜ੍ਹੀ ਕਰਵ (ਮੋੜ ) ਲੈਂਦੀ ਹੈ | ਜਿਸ ਕਾਰਨ ਧੁੰਦਾਂ ਦੇ ਦਿਨਾਂ ਵਿਚ ਆਉਣ ਜਾਣ ਵਾਲੇ ਵਾਹਨ ਰਸਤੇ ਤੋਂ ਭਟਕ ਕੇ ਗਲਤ ਲੇਨ ਵਿਚ ਜਾ ਵੜਦੇ ਹਨ ਤੇ ਦੁਰਘਟਨਾ ਗ੍ਰਸਤ ਹੋ ਜਾਂਦੇ ਹਨ | ਇਸ ਸੜਕ ਦੇ ਸ਼ਹਿਰ ਵਾਲੇ ਹਿੱਸੇ ਦਾ ਇਕ ਪਾਸਾ ਲੱਗਪੱਗ 500 ਮੀਟਰ ਮਹਾਵੀਰ ਚੌਂਕ ਤੋਂ ਡਿਪਟੀ ਕਮਿਸ਼ਨਰ ਦੀ ਰਹਾਇਸ਼ ਤੱਕ ਪਿਛਲੇ ਡੇਢ ਸਾਲ ਤੋਂ ਸੀਵਰੇਜ ਪਾਉਣ ਕਰ ਕੇ ਬੰਦ ਕਰ ਰੱਖਿਆ | ਦਿਨ ਵਿਚ ਇਹ 500 ਮੀਟਰ ਦੇ ਟੋਟੇ ਨੂੰ ਪਾਰ ਕਰਨ ਲਈ ਅੱਧਾ ਪੌਣਾਂ ਘੰਟਾ ਜਾਮ ਹਰ ਸਮੇਂ ਲੱਗਿਆਂ ਰਹਿੰਦਾ ਹੈ | ਸੀਵਰੇਜ ਪਾਏ ਨੂੰ ਸੱਤ ਅੱਠ ਮਹੀਨੇ ਹੋ ਚਲੇ ਹਨ, ਪਰ ਸੜਕ ਦੀ ਉਸਾਰੀ ਹੁਣ ਤੱਕ ਨਹੀਂ ਕੀਤੀ ਗਈ ਜੋ ਡਿਪਟੀ ਕਮਿਸ਼ਨਰ ਦੀ ਰਹਾਇਸ਼ ਦੇ ਬਿਲਕੁਲ ਅੱਗਿਓਾ ਦੀ ਗੁਜ਼ਰਦੀ ਹੈ | ਜਦ ਕਿ ਸੀਵਰੇਜ ਵਿਭਾਗ ਨੇ ਕੌਮੀ ਮਾਰਗ ਵਿਭਾਗ ਰੋਡ ਕਟਿੰਗ ਦੇ ਪੈਸੇ ਵੀ ਜਮਾ ਕਰਵਾਏ ਹੋਣਗੇ ਪਰ ਅੱਤ ਦਰਜੇ ਦੀ ਸੁਸਤੀ | ਸ਼ਹਿਰ ਸੰਗਰੂਰ ਵਿਕਾਸ ਮੰਚ, ਸੰਗਰੂਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਤੇ ਬਾਈਪਾਸ ਤੱਕ ਕਿਨਾਰਿਆਂ ਤੇ ਵਿਚਕਾਰ ਵਾਲੀਆਂ ਚਿੱਟੀਆਂ/ਪੀਲੀਆਂ ਪੱਟੀਆਂ ਤੁਰੰਤ ਲਗਵਾਈਆਂ ਜਾਣ | ਬਾਈਪਾਸ ਤੋਂ ਜਿੱਥੇ ਇਹ ਸੜਕ ਕਰਵ ਲੈਂਦੀ ਹੈ, ਪੁਲ ਦੇ ਨੀਚੇ ਤੱਕ ਚਿੱਟੀਆਂ/ਪੀਲੀਆਂ ਪੱਟੀਆਂ ਲਗਾਈਆਂ ਜਾਣ, ਤਾਂ ਕਿ ਆਉਣ ਜਾਣ ਵਾਲੇ ਵਾਹਨ ਰਸਤੇ ਤੋਂ ਨਾਂ ਭਟਕਣ | ਮਹਾਂਵੀਰ ਚੌਕ ਤੋਂ ਡਿਪਟੀ ਕਮਿਸ਼ਨਰ ਦੀ ਰਹਾਇਸ਼ ਤੱਕ ਦਾ 500 ਮੀਟਰ ਦਾ ਟੋਟਾ ਤੁਰੰਤ ਬਣਾ ਕੇ ਲੱਗਣ ਵਾਲੇ ਜਾਮਾਂ ਤੋਂ ਰਾਹਤ ਦਿਵਾਈ ਜਾਵੇ |
ਧੁੰਦਾਂ ਵਿਚ ਦੁਰਘਟਨਾਵਾਂ ਨੂੰ ਸੱਦਾ ਦੇ ਰਹੀ ਹੈ ਚਿੱਟੀਆਂ/ਪੀਲੀਆਂ ਪੱਟੀਆਂ ਵਿਹੂਣੀ ਸੰਗਰੂਰ ਪਾਤੜਾਂ ਦਿੱਲੀ ਜਾਣ ਵਾਲੀ ਸੜਕ
ਅਜੀਤ ਡੈਸਕ
19-12-2025