ਮਹਿਲ ਕਲਾਂ, 18 ਦਸੰਬਰ (ਅਵਤਾਰ ਸਿੰਘ ਅਣਖੀ)-ਸਰਬੰਸ ਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜ਼ਰ ਕੌਰ, ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਮਹਿਲ ਕਲਾਂ ਵਿਖੇ ਗੁਰਮਤਿ ਪ੍ਰਚਾਰ ਸੇਵਾ ਲਹਿਰ ਵਲੋਂ ਲੋਕਲ ਗੁਰਦੁਆਰਾ ਸਾਹਿਬ ਕਮੇਟੀ ਦੇ ਸਹਿਯੋਗ ਸਦਕਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਧਰਮ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜ਼ਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਗੁਰੂਸਾਹਿਬਾਨ ਦੇ ਰਸੋਈਏ ਗੰਗੂ ਨੇ ਲਾਲਚ 'ਚ ਆ ਕੇ ਪਰਿਵਾਰ ਨਾਲ ਗਦਾਰੀ ਕਰ ਕੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਹਕੂਮਤ ਦੇ ਹਵਾਲੇ ਕੀਤਾ | ਮਾਤਾ ਗੁਜ਼ਰ ਕੌਰ ਨੇ ਬਿਪਤਾ ਮੌਕੇ ਆਪਣੇ ਪਿਆਰੇ ਪੋਤਿਆਂ ਨੂੰ ਤੱਤੀ ਤਵੀ, ਉਬਲਦੀਆਂ ਦੇਗਾਂ ਦੀਆਂ ਸ਼ਹੀਦੀਆਂ ਦਾ ਨਿੱਘ ਦੇ ਕੇ ਜਬਰ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਕੀਤਾ | ਬਾਅਦ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਬੇਇਨਸਾਫ਼ੀ, ਧੱਕੇਸ਼ਾਹੀ ਖ਼ਿਲਾਫ਼ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਦੇ ਹੋਏ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ | ਮਹਾਨ ਸੂਰਬੀਰ ਜੋਧਿਆਂ ਦੀ ਲਾਸਾਨੀ ਸ਼ਹਾਦਤ ਸਾਨੂੰ ਅਣਖ ਗ਼ੈਰਤ ਨਾਲ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ | ਉਨ੍ਹਾਂ ਸਮੂਹ ਸੰਗਤਾਂ ਨੂੰ ਸ਼ਹੀਦਾਂ ਦੀ ਯਾਦ ਮੌਕੇ ਪਰਿਵਾਰਾਂ ਸਮੇਤ ਬਾਣੀ, ਬਾਣੇ ਦੇ ਧਾਰਨੀ ਬਣ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਅਪੀਲ ਕਰਦਿਆਂ ਸ਼ਹੀਦੀ ਜੋੜ ਮੇਲਿਆਂ ਨੂੰ ਮੌਜ ਮੇਲੇ ਬਣਾਉਣ ਤੋਂ ਗੁਰੇਜ਼ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਰਾਗੀ ਭਾਈ ਜਗਸੀਰ ਸਿੰਘ ਖ਼ਾਲਸਾ, ਭਾਈ ਇਕਬਾਲ ਸਿੰਘ, ਨੰਬਰਦਾਰ ਗੁਰਮੇਲ ਸਿੰਘ, ਭਾਈ ਹਰਬੰਸ ਸਿੰਘ ਛੰਨਾਂ, ਭਾਈ ਮਲਕੀਤ ਸਿੰਘ, ਬੀਬੀ ਸੁਰਿੰਦਰ ਕੌਰ, ਭਾਈ ਸਤਨਾਮ ਸਿੰਘ, ਦਰਸ਼ਨ ਸਿੰਘ ਖ਼ਾਲਸਾ, ਢਾਡੀ ਪਰਮਜੀਤ ਸਿੰਘ ਪੰਮਾ, ਭਾਈ ਜਗਰੂਪ ਸਿੰਘ, ਭਾਈ ਜਗਤਾਰ ਸਿੰਘ, ਰਾਜਾ ਘੁੰਮਾਣ, ਗ੍ਰੰਥੀ ਚਮਕੌਰ ਸਿੰਘ, ਭਾਈ ਨੱਥਾ ਸਿੰਘ, ਜਥੇ: ਲਾਭ ਸਿੰਘ, ਸੁਖਦੇਵ ਸਿੰਘ ਰਾਗੀ, ਜ਼ੈਲਦਾਰ ਸਿੰਘ ਹਲਵਾਈ, ਭੋਲਾ ਸਿੰਘ ਛੀਨੀਵਾਲ, ਬਲਜਿੰਦਰ ਸਿੰਘ ਨਿਹਾਲੂਵਾਲ, ਮੇਜਰ ਸਿੰਘ ਕਲੇਰ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ |