ਸੰਗਰੂਰ, 18 ਦਸੰਬਰ (ਧੀਰਜ ਪਸ਼ੋਰੀਆ, ਦਮਨਜੀਤ ਸਿੰਘ) - ਸੰਗਰੂਰ ਦੇ ਪਟਿਆਲਾ ਗੇਟ ਸਥਿਤ ਨਵੀਂ ਵਿਕਸਤ ਪੁੱਡਾ ਮਾਰਕੀਟ ਦੀ ਤਰਸਯੋਗ ਹਾਲਤ ਅਤੇ ਪ੍ਰਸ਼ਾਸਨਿਕ ਅਣਗਹਿਲੀ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ | ਅੱਜ ਸ਼ਹਿਰ ਦੇ ਮੁਹਤਬਰ ਵਿਅਕਤੀਆਂ ਵਲੋਂ ਮੁੱਖ ਪ੍ਰਸ਼ਾਸਕ ਪੁੱਡਾ (ਮੋਹਾਲੀ ਤੇ ਪਟਿਆਲਾ), ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਕਾਰਜਕਾਰੀ ਅਫ਼ਸਰ ਨਗਰ ਕੌਂਸਲ ਨੂੰ ਇੱਕ ਰਸਮੀ ਨੋਟਿਸ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕਰੋੜਾਂ ਦੀ ਲਾਗਤ ਨਾਲ ਵਿਕਸਤ ਕੀਤੀ ਗਈ ਇਸ ਮਾਰਕੀਟ ਨੂੰ ਨਗਰ ਨਿਗਮ ਦੇ ਕੂੜੇ ਦਾ ਅੱਡਾ ਬਣਾ ਦਿੱਤਾ ਗਿਆ ਹੈ | ਇੱਥੇ ਨਾ ਸਿਰਫ਼ ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟਿਆ ਜਾ ਰਿਹਾ ਹੈ, ਸਗੋਂ ਵਾਤਾਵਰਨ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇਸ ਕੂੜੇ ਨੂੰ ਖੁੱਲ੍ਹੇ ਵਿਚ ਅੱਗ ਲਗਾਈ ਜਾ ਰਹੀ ਹੈ | ਇਸ ਜ਼ਹਿਰੀਲੇ ਧੂੰਏਾ ਕਾਰਨ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਅਤੇ ਨੇੜੇ ਸਥਿਤ ਨਿਆਇਕ ਅਧਿਕਾਰੀਆਂ ਦੇ ਨਿਵਾਸ ਸਥਾਨਾਂ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ | ਦੋਸ਼ ਲਗਾਇਆ ਗਿਆ ਹੈ ਕਿ ਪੁੱਡਾ ਦੀਆਂ ਯੋਜਨਾਵਾਂ ਅਨੁਸਾਰ ਮਾਰਕੀਟ ਵਿਚ ਜਨਤਕ ਪਖਾਨੇ ਬਣਾਉਣੇ ਲਾਜ਼ਮੀ ਸਨ, ਪਰ ਅਜੇ ਤੱਕ ਕੋਈ ਸਹੂਲਤ ਨਹੀਂ ਦਿੱਤੀ ਗਈ | ਇਸ ਕਾਰਨ ਲੋਕ ਕੰਧਾਂ ਦੀ ਵਰਤੋਂ ਪਿਸ਼ਾਬ ਕਰਨ ਲਈ ਕਰ ਰਹੇ ਹਨ, ਜੋ ਕਿ 'ਸਵੱਛ ਭਾਰਤ ਅਭਿਆਨ' ਅਤੇ 'ਪੰਜਾਬ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮ 2020' ਦੀ ਸਿੱਧੀ ਉਲੰਘਣਾ ਹੈ | ਸ਼ਿਕਾਇਤਕਰਤਾ ਕਮਲ ਆਨੰਦ, ਜਤਿੰਦਰ ਕਾਲੜਾ ਅਤੇ ਸਾਥੀਆਂ ਨੇ ਦੱਸਿਆ ਕਿ ਸੰਗਰੂਰ ਵਿਚ ਕੂੜੇ ਦੇ ਕੁ ਪ੍ਰਬੰਧਨ ਦਾ ਮੁੱਦਾ ਪਹਿਲਾਂ ਹੀ ਨੈਸ਼ਨਲ ਗ੍ਰੀਨ ਟਿ੍ਬਿਊਨਲ ਕੋਲ ਵਿਚਾਰ ਅਧੀਨ ਹੈ | ਇਸ ਸਬੰਧੀ ਜੀਓ-ਟੈਗ ਕੀਤੀਆਂ ਫ਼ੋਟੋਆਂ ਅਤੇ ਸਬੂਤ ਐਨ.ਜੀ.ਟੀ. ਨੂੰ ਵੀ ਭੇਜੇ ਜਾ ਰਹੇ ਹਨ ਤਾਂ ਜੋ ਅਧਿਕਾਰੀਆਂ ਦੀ ਲਾਪਰਵਾਹੀ ਰਿਕਾਰਡ 'ਤੇ ਲਿਆਂਦੀ ਜਾ ਸਕੇ | ਮੰਗ ਕੀਤੀ ਗਈ ਕਿ ਕੂੜਾ ਸਾੜਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ 'ਤੇ ਕਾਰਵਾਈ ਹੋਵੇ | ਮਾਰਕੀਟ ਵਿਚ ਤੁਰੰਤ ਜਨਤਕ ਬਾਥਰੂਮਾਂ ਦੀ ਉਸਾਰੀ ਕੀਤੀ ਜਾਵੇ | ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ | ਇਸ ਮੌਕੇ ਕਮਲ ਆਨੰਦ, ਜਤਿੰਦਰ ਕਾਲੜਾ, ਪਰਵੀਨ ਬਾਂਸਲ, ਰੌਸ਼ਨ ਗਰਗ ਅਤੇ ਸਤਿੰਦਰ ਸੈਣੀ ਮੌਜੂਦ ਸਨ |