ਲਹਿਰਾਗਾਗਾ, 20 ਦਸੰਬਰ (ਅਸ਼ੋਕ ਗਰਗ)-ਨੇੜਲੇ ਪਿੰਡ ਸੰਗਤਪੁਰਾ ਦੇ ਕਬੱਡੀ ਜਗਤ ਦੇ ਪ੍ਰਸਿੱਧ ਖਿਡਾਰੀ ਜੋਗਿੰਦਰ ਸਿੰਘ 'ਕੌਹਰੀ' ਨਹੀਂ ਰਹੇ | ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ | ਜੋਗਿੰਦਰ ਸਿੰਘ ਨੂੰ ਕਬੱਡੀ ਖੇਡ ਵਿਚ ਆਪਣੀ ਅਸਾਧਾਰਨ ਤਾਕਤ, ਸਹਿਣਸ਼ੀਲਤਾ ਅਤੇ ਰੇਡ ਲਈ ਜਾਣਿਆ ਜਾਂਦਾ ਸੀ | ਉਨ੍ਹਾਂ ਦੇ ਮੈਚ ਅਕਸਰ ਅੱਜਕੱਲ੍ਹ ਵਾਂਗੂੰ 10-15 ਮਿੰਟ ਦੇ ਨਹੀਂ ਸਗੋਂ ਇੱਕ ਘੰਟੇ ਤੋਂ ਲੈ ਕੇ ਢਾਈ ਘੰਟੇ ਤੱਕ ਲਗਾਤਾਰ ਚੱਲੇ ਸਨ, ਜੋ ਉਨ੍ਹਾਂ ਦੀ ਅਸੀਮ ਤਾਕਤ ਦਾ ਪ੍ਰਤੀਕ ਸਨ | ਜੋਗਿੰਦਰ ਸਿੰਘ ਦੇ ਨਾਂਅ ਨਾਲ 'ਕੌਹਰੀ' ਸ਼ਬਦ ਨੇੜਲੇ ਪਿੰਡ ਕੌਹਰੀਆਂ ਸਕੂਲ ਵਿਚ ਪੜ੍ਹਾਈ ਅਤੇ ਕੌਹਰੀਆਂ ਸਕੂਲ ਵਲੋਂ ਖੇਡਣ ਕਾਰਨ ਜੁੜਿਆ | ਮਦਰਾਸ ਤੋਂ ਕੌਮੀ ਪੱਧਰੀ ਮੈਚ ਜਿੱਤ ਕੇ ਵਾਪਸ ਆਉਂਦੇ ਸਮੇਂ ਉਨ੍ਹਾਂ ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਖ਼ੁਦ ਕੋਟ ਪਹਿਨਾ ਕੇ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ | ਇਸੇ ਤਰ੍ਹਾਂ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪਿੰਡ ਵਿਚ ਢਾਈ ਘੰਟੇ ਲਗਾਤਾਰ ਮੈਚ ਖੇਡ ਕੇ ਵੀ ਉਨ੍ਹਾਂ ਨੇ ਜਿੱਤ ਆਪਣੇ ਨਾਮ ਕੀਤੀ | ਉਸ ਜ਼ਮਾਨੇ ਦੇ ਦਰਸ਼ਕ ਅੱਜ ਵੀ ਯਾਦ ਕਰਦੇ ਹਨ ਕਿ ਜੋਗਿੰਦਰ ਸਿੰਘ ਦੀ ਪਕੜ ਅਤੇ ਰੇਡ ਦੋਵੇਂ ਬੇਮਿਸਾਲ ਸਨ |