ਧੂਰੀ, 21 ਦਸੰਬਰ (ਲਖਵੀਰ ਸਿੰਘ ਧਾਂਦਰਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਪੰਜ ਰੋਜ਼ਾ ਗੁਰਮਤਿ ਕਥਾ ਸਮਾਗਮ ਗੁਰਦੁਆਰਾ ਨਾਨਕਸਰ ਸਾਹਿਬ ਧੂਰੀ ਵਿਖੇ ਸੰਪੂਰਨ ਹੋ ਗਏ ਹਨ | ਇਸ ਸਬੰਧੀ ਪ੍ਰਧਾਨ ਬੰਤ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਗੁਰਮਤਿ ਸਮਾਗਮਾਂ ਅਧੀਨ ਸਿੱਖ ਧਰਮ ਦੇ ਮਹਾਨ ਵਿਦਵਾਨ ਅਤੇ ਪ੍ਰਚਾਰਕ ਪਹੁੰਚੇ | ਸਮਾਗਮਾਂ ਦਾ ਮੂਲ ਉਦੇਸ਼ ਸੰਗਤ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਸਿਧਾਂਤ ਨਾਲ ਜੋੜਨਾ ਰਿਹਾ | ਸ਼ਾਮ ਨੂੰ ਸਮਾਗਮ ਦਾ ਅਰੰਭ ਭਾਈ ਬੁੱਧ ਸਿੰਘ, ਭਾਈ ਰਛਪਾਲ ਸਿੰਘ ਅਤੇ ਭਾਈ ਜੋਗਿੰਦਰ ਸਿੰਘ ਵਲੋਂ ਸ਼ਬਦ ਕੀਰਤਨ ਨਾਲ ਹੁੰਦਾ ਰਿਹਾ | ਪਹਿਲੇ ਦਿਨ ਗਿਆਨੀ ਜਸਵਿੰਦਰ ਸਿੰਘ ਦਰਦੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਮਹਾਨ ਕੁਰਬਾਨੀ ਦੱਸਦੇ ਹੋਏ ਕਿਹਾ ਕਿ ਵਿਸ਼ਵ ਪੱਧਰ 'ਤੇ ਇਹ ਅਨੋਖੀ ਮਿਸਾਲ ਹੈ ਅਤੇ ਗੁਰੂ ਜੀ ਦੀ ਬਾਣੀ ਮੌਤ ਦਾ ਭੈਅ ਖ਼ਤਮ ਕਰ ਕੇ ਨਿਰਭਉ ਬਣਾਉਂਦੀ ਹੈ | ਦੂਜੇ ਦਿਨ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਬਾਣੀ ਦੇ ਹਵਾਲੇ ਨਾਲ਼ ਦੁਨਿਆਵੀ ਮਾਇਆ, ਸੱਤਾ ਦੇ ਨਸ਼ੇ ਵਿਚ ਗ੍ਰਸਤ ਨੇਤਾਵਾਂ ਅਤੇ ਪਾਖੰਡੀ ਸਾਧਾਂ ਬਾਰੇ ਚੇਤੰਨ ਕੀਤਾ ਅਤੇ ਕਿਹਾ ਕਿ ਗੁਰਮਤਿ ਸਿੱਖਿਆ ਹੀ ਚੰਗਾ ਇਨਸਾਨ ਬਣਾਉਂਦੀ ਹੈ | ਤੀਜੇ ਦਿਨ ਭਾਈ ਹਰਜਿੰਦਰ ਸਿੰਘ ਮਾਝੀ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਮੇਂ ਦੇ ਜ਼ੁਲਮੀ ਤੇ ਝੂਠੇ ਹਾਕਮਾਂ ਦੀਆਂ ਕਪਟੀ ਸਾਜ਼ਿਸ਼ਾਂ ਦਾ ਵਿਸਤਾਰ ਸੁਣਾਇਆ | ਚੌਥੇ ਦਿਨ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲ਼ਿਆਂ ਨੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦੀ ਸ਼ਹਾਦਤ ਬਾਰੇ ਇਤਿਹਾਸਿਕ ਪੱਖ ਕਰਦੇ ਹੋਏ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਜ਼ੁਲਮ ਅੱਗੇ ਅਡੋਲ ਰਹਿਣ ਦੀ ਅਸਲ ਸਿੱਖਿਆ ਦਿੰਦੀ ਹੈ | ਪੰਜਵੇਂ ਭਾਵ ਸੰਪੂਰਨਤਾਈ ਵਾਲ਼ੇ ਦਿਨ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਮੁੱਖ ਕਥਾਵਾਚਕ ਵਜੋਂ ਪਹੁੰਚੇ | ਗਿਆਨੀ ਗੌਹਰ ਨੇ ਬਾਣੀ ਅਤੇ ਸਿੱਖ ਇਤਿਹਾਸ ਦੇ ਹਵਾਲੇ ਨਾਲ਼ ਪਰਿਵਾਰਿਕ, ਵਿਵਹਾਰਿਕ, ਸਮਾਜਿਕ ਅਤੇ ਵਿਅਕਤੀਗਤ ਕਿਸਮ ਦੀਆਂ ਚਾਰ ਅਸੰਤੁਸ਼ਟੀਆਂ ਬਾਰੇ ਖੁੱਲ੍ਹੇ ਵਿਚਾਰ ਰੱਖੇ | ਪ੍ਰੋਗਰਾਮ ਇੰਚਾਰਜ ਕੁਲਵਿੰਦਰਪਾਲ ਸਿੰਘ ਜੇ.ਈ. ਨੇ ਸਿੰਘ ਸਾਹਿਬਾਨ, ਸੰਗਤ ਅਤੇ ਸੇਵਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਪੂਰੇ ਸਮਾਗਮ ਨੂੰ ਵਿਧੀਵਤ ਢੰਗ ਨਾਲ਼ ਚਲਾਉਣ ਲਈ ਭਾਈ ਜਸਵੀਰ ਸਿੰਘ ਹੈੱਡ ਗ੍ਰੰਥੀ, ਭਾਈ ਗੁਰਜੰਟ ਸਿੰਘ ਗ੍ਰੰਥੀ, ਮੈਨੇਜਰ ਭਾਈ ਹਰਦੀਪ ਸਿੰਘ, ਭਾਈ ਜਗਤਾਰ ਸਿੰਘ, ਭਾਈ ਰਣਧੀਰ ਸਿੰਘ, ਤਲਵੀਰ ਸਿੰਘ ਧਨੇਸਰ, ਸੁਖਵੀਰ ਸਿੰਘ ਸੋਢੀ, ਅਮਨਦੀਪ ਸਿੰਘ, ਸੀਪਾ, ਦਲਜੀਤ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ, ਵਰਿੰਦਰ ਸਿੰਘ, ਸਤਿਨਾਮ ਸਿੰਘ, ਭਰਪੂਰ ਸਿੰਘ, ਬਲਜਿੰਦਰ ਸਿੰਘ, ਬੱਬੂ, ਰਾਜਵੀਰ ਸਿੰਘ, ਮੱਘਰ ਸਿੰਘ, ਅੰਮਿ੍ਤ ਸਿੰਘ, ਡਾ. ਨਵਿੰਦਰ ਸਿੰਘ ਪੰਧੇਰ, ਪਿ੍ੰ. ਮੇਜਰ ਸਿੰਘ, ਹਰਸ਼ਦੀਪ ਸਿੰਘ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ | ਸੰਗਤ ਦੁਆਰਾ ਤਿਆਰ ਕੀਤਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |