ਸੰਗਰੂਰ, 24 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਸਾਹਿਬਜ਼ਾਦਿਆਂ ਦੀ ਅਤੁੱਲ ਸ਼ਹਾਦਤ ਨੂੰ ਸਮਰਪਿਤ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਚ ਸੁਖਮਨੀ ਸਾਹਿਬ ਦਾ ਪਾਠ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ | ਇਸ ਧਾਰਮਿਕ ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਵਲੋਂ ਭਰਪੂਰ ਸ਼ਮੂਲੀਅਤ ਕੀਤੀ ਗਈ | ਇਸ ਸੰਦਰਭ ਵਿਚ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕ ਕੇ ਅਰਦਾਸ ਵਿਚ ਭਾਗ ਲਿਆ | ਇਸ ਧਾਰਮਿਕ ਯਾਤਰਾ ਰਾਹੀਂ ਵਿਦਿਆਰਥੀਆਂ ਨੂੰ ਗੁਰਮਤਿ ਮੁੱਲਾਂ, ਸ਼ਰਧਾ ਅਤੇ ਅਨੁਸ਼ਾਸਨ ਬਾਰੇ ਮਹੱਤਵਪੂਰਨ ਸਿੱਖਿਆ ਮਿਲੀ | ਵਿਦਿਆਰਥੀਆਂ ਨੂੰ ਸਿਰਪਾਓ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਮਨਦੀਪ ਛੰਨਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਸੱਚ, ਧਰਮ ਅਤੇ ਨਿਆਂ ਦੇ ਮਾਰਗ 'ਤੇ ਅਟੱਲ ਰਹਿਣ ਦੀ ਪੇ੍ਰਰਨਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਅਤੇ ਨੈਤਿਕ ਮੁੱਲਾਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਇਸ ਤੋਂ ਬਾਅਦ ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਿਰਫ਼ ਸਿੱਖ ਇਤਿਹਾਸ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਇਕ ਅਮਰ ਮਿਸਾਲ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਉੱਚ ਆਦਰਸ਼ਾਂ 'ਤੇ ਚੱਲ ਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਪ੍ਰੈਜ਼ੀਡੈਂਟ ਡਾਕਟਰ ਸੀਮਾ ਅਰੋੜਾ ਨੇ ਕਿਹਾ ਕਿ ਅਜਿਹੇ ਆਤਮਿਕ ਅਤੇ ਧਾਰਮਿਕ ਕਾਰਜ ਵਿਦਿਆਰਥੀਆਂ ਵਿਚ ਸੰਸਕਾਰ, ਸਹਿਣਸ਼ੀਲਤਾ ਅਤੇ ਮਨੁੱਖੀ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ | ਸਕੂਲ ਦੀ ਸੀ.ਈ.ਓ ਭਾਵਨਾ ਪੋਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਅਟੁੱਟ ਹੌਸਲੇ, ਤਿਆਗ ਅਤੇ ਸੱਚਾਈ ਦਾ ਪਾਠ ਪੜ੍ਹਾਉਂਦੀ ਹੈ |