ਧੂਰੀ, 25 ਦਸੰਬਰ (ਸੰਜੇ ਲਹਿਰੀ)-ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾ ਕੇ ਮੁੱਖ ਮੰਤਰੀ ਦੇ ਸ਼ਹਿਰ ਧੂਰੀ ਨਾਲ ਸੰਬੰਧਿਤ ਨਗਰ ਕੌਂਸਲ ਵਲੋਂ ਲਵਾਰਿਸ ਕੁੱਤਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਆਏ ਦਿਨ ਅਨੇਕਾਂ ਵਿਅਕਤੀ ਇਨਾ ਆਵਾਰਾ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋ ਰਹੇ ਹਨ | ਸਿਵਲ ਹਸਪਤਾਲ ਧੂਰੀ ਦੀ ਐਮਰਜੈਂਸੀ ਪਿੱਛੋਂ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਇਕ ਦਸੰਬਰ ਤੋਂ 25 ਦਸੰਬਰ ਤੱਕ 31 ਵਿਅਕਤੀ ਕੁੱਤਿਆਂ ਦੇ ਕੱਟਣ ਵਾਲੀ ਗੰਭੀਰ ਸੂਚੀ ਵਿਚ ਸ਼ਾਮਿਲ ਹਨ ਜਦੋਂ ਕਿ ਇਸ ਤੋਂ ਇਲਾਵਾ ਹੋਰ ਅਨੇਕਾਂ ਵਿਅਕਤੀ ਵੀ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋ ਚੁੱਕੇ ਹਨ ਐਮਰਜੈਂਸੀ ਦੇ ਰਿਕਾਰਡ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ 23 ਦਸੰਬਰ ਨੂੰ ਸੱਤ ਵਿਅਕਤੀ ਆਵਾਰਾ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋਏ ਅਤੇ 24 ਦਸੰਬਰ ਨੂੰ ਚਾਰ ਵਿਅਕਤੀਆਂ ਨੂੰ ਲਵਾਰਿਸ ਕੁੱਤਿਆਂ ਨੇ ਕੱਟਿਆ ਅਤੇ ਅੱਜ ਖ਼ਬਰ ਲਿਖੇ ਜਾਣ ਤੱਕ ਵੀ ਅੱਠ ਵਿਅਕਤੀਆਂ ਦੀ ਸੂਚੀ ਹਸਪਤਾਲ ਧੂਰੀ ਦੀ ਐਮਰਜੈਂਸੀ ਵਿਚੋਂ ਪ੍ਰਾਪਤ ਕੀਤੀ ਗਈ | ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਆਵਾਰਾ ਕੁੱਤਿਆਂ ਦੇ ਕੱਟਣ ਨੂੰ ਲੈ ਕੇ ਕਮਰਾ ਨੰਬਰ 9 ਵਿਚ ਜੋ ਟੀਕੇ ਲਗਾਏ ਜਾਂਦੇ ਹਨ ਉਨ੍ਹਾਂ ਦੀ ਗਿਣਤੀ ਅੱਜ ਸਰਕਾਰੀ ਛੁੱਟੀ ਹੋਣ ਦੇ ਚੱਲਦਿਆਂ ਪ੍ਰਾਪਤ ਨਹੀਂ ਕੀਤੀ ਜਾ ਸਕੀ ਅਤੇ ਇਸ ਦੇ ਨਾਲ ਹੀ ਅਨੇਕਾਂ ਵਿਅਕਤੀਆਂ ਵਲੋਂ ਕੁੱਤੇ ਦੇ ਕੱਟਣ ਦਾ ਇਲਾਜ ਆਪਣੇ ਪੱਧਰ ਤੇ ਪ੍ਰਾਈਵੇਟ ਤੌਰ ਉੱਪਰ ਵੀ ਕਰਵਾਇਆ ਜਾ ਰਿਹਾ ਹੈ | ਆਵਾਰਾ ਕੁੱਤਿਆਂ ਦੇ ਇਸ ਕਹਿਰ ਨੂੰ ਲੈ ਕੇ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਅਤੇ ਨਗਰ ਕੌਂਸਲ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਅੱਖਾਂ ਮੀਚੀ ਬੈਠਾ ਹੈ | ਮੁੱਖ ਮੰਤਰੀ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਧੂਰੀ ਸ਼ਹਿਰ ਦਾ ਹੀ ਜੇਕਰ ਅਜਿਹਾ ਹਾਲ ਹੈ ਤਾਂ ਪੰਜਾਬ ਦੇ ਬਾਕੀ ਸ਼ਹਿਰਾਂ ਵਿਚ ਸਥਿਤੀ ਕਿਹੋ ਜਿਹੀ ਹੋਵੇਗੀ ਇਹ ਸੋਚਣ ਵਾਲੀ ਗੱਲ ਹੈ ਇਹ ਵੀ ਜ਼ਿਕਰਯੋਗ ਹੈ ਕਿ ਇੰਨੀ ਦਿਨੀਂ ਮਾਪੇ ਆਪਣੇ ਛੋਟੇ ਬੱਚਿਆਂ ਨੂੰ ਇਕੱਲਿਆਂ ਬਾਹਰ ਭੇਜਣ ਤੋਂ ਭਾਰੀ ਸਹਿਮ ਦੇ ਚੱਲਦਿਆਂ ਗੁਰੇਜ਼ ਕਰ ਰਹੇ ਹਨ | ਕਾਂਗਰਸੀ ਆਗੂ ਹੰਸਰਾਜ ਗੁਪਤਾ, ਗੁਰਬਖ਼ਸ਼ ਸਿੰਘ ਗੁੱਡੂ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਆਗੂ ਪਰਮਜੀਤ ਸਿੰਘ ਪੰਮਾ ਬਾਠ, ਤਲਵੀਰ ਸਿੰਘ ਧਨੇਸਰ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸ਼੍ਰੀ ਸੁਖਪਾਲ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਦੇ ਮਸਲੇ ਨੂੰ ਲੈ ਕੇ ਨਗਰ ਕੌਂਸਲ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦੇ ਕੇ ਲੋਕਾਂ ਦੀ ਜਾਨ ਦੀ ਸੁਰੱਖਿਆ ਯਕੀਨੀ ਬਣਾਏ | ਨਗਰ ਕੌਂਸਲ ਧੂਰੀ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਗੁਰਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਨੂੰ ਲੈ ਕੇ ਨਗਰ ਕੌਂਸਲ ਵਲੋਂ ਲੋੜੀਦੇ ਕਦਮ ਉਠਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਨਗਰ ਕੌਂਸਲ ਵਲੋਂ ਆਵਾਰਾ ਕੁੱਤਿਆਂ ਦੀ ਨਸਬੰਦੀ ਲਈ ਪਸ਼ੂ ਹਸਪਤਾਲ ਵਿਚ ਅਪਰੇਸ਼ਨ ਥੀਏਟਰ ਬਣਾਉਣ ਲਈ ਜਗ੍ਹਾ ਦੇਣ ਦੀ ਮੰਗ ਕੀਤੀ ਗਈ ਹੈ ਅਤੇ ਇਸ ਸਬੰਧੀ ਜਲਦ ਹੀ ਲੋੜੀਦੇ ਟੈਂਡਰ ਲਗਵਾ ਕੇ ਆਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ | ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਮਾਨਯੋਗ ਸੁਪਰੀਮ ਕੋਰਟ ਵਲੋਂ ਸੂਬਿਆਂ ਨੂੰ ਕੁੱਤਿਆਂ ਦੀ ਸਾਂਭ ਸੰਭਾਲ ਲਈ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਵੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਆਪਣੇ ਨਿੱਜੀ ਹਲਕੇ ਅੰਦਰ ਨਗਰ ਕੌਂਸਲ ਧੂਰੀ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ ਮੰਨਣ ਸਬੰਧੀ ਸਖ਼ਤੀ ਨਾਲ ਨਹੀਂ ਕਿਹਾ ਜਾ ਰਿਹਾ ਹੈ ਤਾਂ ਦੂਜੇ ਸ਼ਹਿਰਾਂ ਵਿਚ ਇਸ ਮਾਮਲੇ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕਿਵੇਂ ਹੋਣਗੇ ਇਹ ਸੋਚਣ ਵਾਲੀ ਗੱਲ ਹੈ | ਫਿਲਹਾਲ ਆਵਾਰਾ ਕੁੱਤਿਆਂ ਦੇ ਕਹਿਰ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਚੁੱਪੀ ਸਰਕਾਰ ਦੀ ਕਾਰਗੁਜ਼ਾਰੀ ਤੇ ਅਨੇਕਾਂ ਸਵਾਲ ਖੜੇ ਕਰਦੀ ਹੈ ਅਤੇ ਬੇਕਸੂਰ ਲੋਕ ਇਨ੍ਹਾਂ ਆਵਾਰਾ ਕੁੱਤਿਆਂ ਦੇ ਕਹਿਰ ਦਾ ਸ਼ਿਕਾਰ ਹੋ ਰਹੇ ਹਨ |