ਮਾਮਲਾ ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀਆਂ ਖ਼ੁਦਕੁਸ਼ੀ ਦਾ
ਸੰਦੌੜ, 26 ਦਸੰਬਰ (ਗੁਰਪ੍ਰੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ)-ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਭੂਦਨ ਵਿਖੇ 24 ਦਸੰਬਰ ਇੱਕ ਵਿਧਵਾ ਔਰਤ, ਉਸ ਦੇ 8 ਸਾਲ ਦੇ ਪੁੱਤਰ ਅਤੇ ਵਿਧਵਾ ਔਰਤ ਦੀ ਬਜ਼ੁਰਗ ਮਾਂ ਦੀ ਜ਼ਹਿਰੀਲੀ ਚੀਜ਼ ਨਿਗਲ ਜਾਣ ਕਾਰਨ ਹੋਈ ਮੌਤ ਦਾ ਮਾਮਲਾ ਪੇਚੀਜਾ ਬਣ ਗਿਆ ਹੈ | ਮਿ੍ਤਕਾਂ ਦੇ ਵਾਰਸਾਂ ਵਲੋਂ ਅੱਜ ਦੂਜੇ ਦਿਨ ਮੁੜ ਥਾਣਾ ਸੰਦੌੜ ਵਿਖੇ ਧਰਨਾ ਲਗਾ ਕੇ ਸੜਕੀ ਆਵਾਜਾਈ ਜਾਮ ਕੀਤੀ ਗਈ | ਜ਼ਿਕਰਯੋਗ ਹੈ ਕਿ ਇਸ ਗੰਭੀਰ ਮਾਮਲੇ ਵਿਚ ਸੰਦੌੜ ਪੁਲਿਸ ਵਲੋਂ 24 ਦਸੰਬਰ ਨੂੰ ਮਿ੍ਤਕ ਵਿਧਵਾ ਇੰਦਰਪਾਲ ਕੌਰ ਦੇ ਭਰਾ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਇਸ ਮਾਮਲੇ ਵਿਚ 10 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਪਰ ਮਿ੍ਤਕਾ ਇੰਦਰਪਾਲ ਕੌਰ ਦੇ ਪੇਕੇ ਪਿੰਡ ਗੁਰਬਖਸਪੁਰਾ ਗੰਡੇਵਾਲ ਦੇ ਲੋਕਾਂ ਨੇ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਥਾਣਾ ਸੰਦੌੜ ਦੀ ਪੁਲਿਸ ਵਲੋਂ ਵਰਤੀ ਗਈ ਢਿੱਲ ਦੇ ਚੱਲਦਿਆਂ ਲੰਘੇ ਕੱਲ੍ਹ ਵੱਡੀ ਗਿਣਤੀ ਵਿਚ ਲੋਕਾਂ ਨੇ ਥਾਣਾ ਸੰਦੌੜ ਦਾ ਘਿਰਾਓ ਕੀਤਾ ਸੀ | ਡੀ.ਐਸ.ਪੀ ਮਲੇਰਕੋਟਲਾ ਬਿਕਰਮਜੀਤ ਸਿੰਘ ਘੁੰਮਣ ਨੇ ਕੱਲ੍ਹ ਧਰਨਾ ਲਗਾ ਰਹੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕੱਲ੍ਹ ਤੱਕ ਇਸ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਪੁਲਿਸ ਵਲੋਂ ਮਿਲੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ ਸੀ ਪਰ ਨਾਮਜ਼ਦ ਵਿਅਕਤੀਆਂ ਦੀ ਗਿ੍ਫ਼ਤਾਰੀ ਨਾ ਹੋਣ ਕਾਰਨ ਲੋਕਾਂ ਨੇ ਅੱਜ ਮੁੜ ਧਰਨਾ ਲਗਾ ਦਿੱਤਾ | ਧਰਨੇ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਇਕਾਈ ਪ੍ਰਧਾਨ ਰਣਜੀਤ ਸਿੰਘ ਛੰਨਾ, ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਨੇ ਸੰਬੋਧਨ ਕਰਦੇ ਹੋਏ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਤਿੰਨਾਂ ਜਣਿਆਂ ਨੇ ਖ਼ੁਦ ਜ਼ਹਿਰ ਨਹੀਂ ਨਿਗਲਿਆ ਹੈ ਸਗੋਂ ਤਿੰਨਾਂ ਨੂੰ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਸਬੰਧੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਕੇ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਪਹਿਲਾਂ ਤੋਂ ਦਰਜ ਕੀਤੇ ਗਏ ਮਾਮਲੇ ਵਿਚਲੇ ਬਿਆਨਾਂ 'ਚ ਸੋਧ ਕੀਤੀ ਜਾਵੇ ਅਤੇ ਮਾਮਲੇ ਵਿਚ ਨਾਮਜ਼ਦ ਵਿਅਕਤੀ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ | ਅੱਜ ਲੱਗੇ ਧਰਨੇ ਵਿਚ ਪਹੁੰਚੇ ਡੀ.ਐਸ.ਪੀ ਬਿਕਰਮਜੀਤ ਸਿੰਘ ਘੁੰਮਣ ਅਤੇ ਡੀ.ਐਸ.ਪੀ ਯਾਦਵਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਨੇ ਨਾਮਜ਼ਦ 10 ਵਿਅਕਤੀਆਂ ਵਿਚੋਂ 2 ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੰਗਾਂ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ | ਪੁਲਿਸ ਵਲੋਂ ਦਿੱਤੇ ਗਏ ਇਸ ਭਰੋਸੇ ਤੋਂ ਬਾਅਦ ਧਰਨਾਕਾਰੀ ਲੋਕਾਂ ਨੇ ਭਾਵੇਂ ਅੱਜ ਧਰਨਾ ਤਾਂ ਸਮਾਪਤ ਕਰਕੇ ਆਵਾਜਾਈ ਬਹਾਲ ਤਾਂ ਕਰ ਦਿੱਤੀ ਪਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਤੱਕ ਥਾਣਾ ਸੰਦੌੜ ਦੇ ਮੁੱਖ ਗੇਟ ਅੱਗੇ ਸ਼ਾਂਤਮਈ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ |
ਵੱਡੀ ਗਿਣਤੀ ਵਿਚ ਲੋਕਾਂ ਨੇ ਮੁੜ ਦੂਜੇ ਦਿਨ ਥਾਣਾ ਸੰਦੌੜ ਦਾ ਕੀਤਾ ਘਿਰਾਓ, ਸੜਕੀ ਆਵਾਜਾਈ ਕੀਤੀ ਜਾਮ <br/>
ਅਜੀਤ ਡੈਸਕ
27-12-2025