ਸੰਗਰੂਰ, 26 ਦਸੰਬਰ (ਦਮਨਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕਰਨ ਦੀ ਥਾਂ 25 ਦਸੰਬਰ ਨੂੰ ਅਚਾਨਕ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਉਣ ਵਾਲੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਅਮਨ ਸ਼ੇਖ਼ਾ ਨੇ ਦੱਸਿਆ ਕਿ ਬੀਤੀ ਰਾਤ ਜ਼ਿਆਦਾ ਠੰਡ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਸਾਥੀ ਪੱਕੇ ਮੋਰਚੇ ਉੱਤੇ ਡਟੇ ਰਹੇ | ਅੱਜ ਪੱਕੇ ਮੋਰਚੇ ਦੇ ਦੂਸਰੇ ਦਿਨ ਬੇਰੁਜ਼ਗਾਰਾਂ ਨੇ ਡੀ.ਸੀ. ਦਫ਼ਤਰ ਤੋਂ ਮਾਰਚ ਕਰ ਕੇ ਸਥਾਨਕ ਬੱਤੀਆਂ ਵਾਲੇ ਚੌਂਕ ਵਿਖੇ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕ ਕੇ ਆਪਣਾ ਰੋਸ ਜ਼ਾਹਿਰ ਕੀਤਾ ਕਿਉਂਕਿ ਸਰਕਾਰ ਵਲੋਂ ਹੁਣ ਤੱਕ ਉਨ੍ਹਾਂ ਨੂੰ ਸਿਰਫ਼ ਲਾਰੇ ਹੀ ਲਗਾਏ ਗਏ ਹਨ ਜਦਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਸੀ | ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜਲਦੀ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਮਾਸਟਰ ਕੇਡਰ, ਲੈਕਚਰਾਰ, ਸਹਾਇਕ ਪ੍ਰੋਫ਼ੈਸਰ ਅਤੇ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਅਸਾਮੀਆਂ ਜਾਰੀ ਨਾ ਕੀਤੀਆਂ, ਸਾਰੀਆਂ ਭਰਤੀਆਂ ਵਿਚ ਉਮਰ ਹੱਦ ਛੋਟ ਨਾ ਦਿੱਤੀ, ਮਾਸਟਰ ਕੇਡਰ ਵਿਚ ਥੋਪੀ ਬੇਤੁਕੀ 55 ਫ਼ੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਨਾ ਕੀਤੀ, ਜੇਕਰ ਆਰਟ ਐਂਡ ਕਰਾਫ਼ਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਨਾ ਲਈ, ਲੈਕਚਰਾਰ ਦੇ ਟੀਚਿੰਗ ਵਿਸ਼ੇ ਵਿਚ ਸੋਧ ਕਰਕੇ ਵੱਡੀ ਭਰਤੀ ਨਾ ਦਿੱਤੀ ਗਈ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵਿਸ਼ਾਲ ਕਰਨਗੇ | ਇਸ ਮੌਕੇ ਅਮਨਦੀਪ ਸਿੰਘ ਸ਼ੇਖ਼ਾ, ਸੁਖਪਾਲ ਖ਼ਾਨ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਮਨਪ੍ਰੀਤ ਮਾਨਸਾ, ਬੌਬੀ ਸਿੰਘ, ਅਮਨਦੀਪ ਕੌਰ ਸੰਗਰੂਰ, ਮਨਜੀਤ ਕੌਰ, ਰਾਜਵੀਰ ਕੌਰ, ਛਿੰਦਰਪਾਲ ਕੌਰ ਧਲੇਵਾਂ, ਪਰਮਜੀਤ ਕੌਰ ਬੰਗਾਂਵਲੀ, ਹਰਪ੍ਰੀਤ ਕੌਰ ਉਭਾਵਲ ਅਤੇ ਨੇਹਾ ਰਾਣੀ ਆਦਿ ਮੌਜੂਦ ਸਨ |