ਸੁਨਾਮ ਊਧਮ ਸਿੰਘ ਵਾਲਾ, 27 ਦਸੰਬਰ (ਭੁੱਲਰ, ਧਾਲੀਵਾਲ)- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਇਮਲੀ ਸਾਹਿਬ ਤੋਂ ਆਯੋਜਿਤ ਕੀਤੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਵਿਚ ਵੱਡੀ ਗਿਣਤੀ ਸੰਗਤਾਂ ਸ਼ਿਰਕਤ ਕਰ ਰਹੀਆਂ ਹਨ | ਪ੍ਰਭਾਤ ਫੇਰੀਆਂ ਵਿਚ ਸੰਗਤਾਂ ਵਲੋਂ ਸ਼ਬਦ ਗਾਇਣ ਦੇ ਨਾਲ-ਨਾਲ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਹਨ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪ੍ਰਬੰਧਕ ਕਮੇਟੀ, ਨੌਜਵਾਨ ਸਭਾ ਅਤੇ ਸ੍ਰੀ ਸੁਖਮਨੀ ਸਾਹਿਬ ਇਸਤਰੀ ਸਤਿਸੰਗ ਸਭਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ 4 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 26 ਦਸੰਬਰ ਤੋਂ ਪਹਿਲੀ ਜਨਵਰੀ ਤੱਕ ਪ੍ਰਭਾਤ ਫੇਰੀਆਂ ਆਯੋਜਿਤ ਕੀਤੀਆਂ ਜਾਣਗੀਆਂ | ਦੋ ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਅਤੇ ਭੋਗ 4 ਜਨਵਰੀ ਨੂੰ ਪਾਏ ਜਾਣਗੇ | ਉਪਰੰਤ ਦੀਵਾਨ ਸਜਣਗੇ, ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਸਕੱਤਰ ਗੁਰਮੇਜ ਸਿੰਘ ਕਾਨੂੰਗੋ, ਨੱਥਾ ਸਿੰਘ ਮੈਨੇਜਰ, ਮੁੱਖ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਸ਼ਾਹਪੁਰ ਕਲ੍ਹਾਂ ਆਦਿ ਮੌਜੂਦ ਸਨ |