ਲੌਂਗੋਵਾਲ, 28 ਦਸੰਬਰ (ਵਿਨੋਦ, ਖੰਨਾ)-ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਲੋਂ ਪਿਛਲੇ 25 ਸਾਲ ਤੋਂ ਚਲਾਈ ਜਾ ਰਹੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੀ ਨਵੀਂ ਇਮਾਰਤ ਲੋਕ ਅਰਪਣ ਕੀਤੀ ਗਈ | ਇਸ ਮੌਕੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਕਾਰਕੁਨਾਂ ਇਲਾਕੇ ਦੇ ਸਾਹਿਤਕਾਰਾਂ ਅਤੇ ਲੋਕ ਪੱਖੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ | ਸੰਸਥਾ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਵਲੋਂ ਸਾਰੇ ਸ਼ਾਮਿਲ ਲੋਕਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਲਾਇਬ੍ਰੇਰੀ ਦੀ ਮਹੱਤਤਾ, ਸੰਸਥਾ ਦੇ ਉਦੇਸ਼ਾਂ ਵਾਰੇ ਵਿਚਾਰ ਸਾਂਝੇ ਕੀਤੇ ਜਦੋਂ ਕਿ ਜਨਰਲ ਸਕੱਤਰ ਜੁਝਾਰ ਲੌਂਗੋਵਾਲ ਨੇ ਨਿੱਗਰ ਸਮਾਜ ਦੀ ਉਸਾਰੀ ਲਈ ਪਿੰਡੋਂ ਪਿੰਡ ਲਾਇਬ੍ਰੇਰੀਆਂ ਦੀ ਸਥਾਪਨਾ ਨੂੰ ਸਮੇਂ ਦੀ ਲੋੜ ਦੱਸਿਆ | ਆਪਣੀ ਸਾਰੀ ਉਮਰ ਲੋਕਾਂ ਲਈ ਲਾਉਣ ਵਾਲੇ ਚਰਨਜੀਤ ਪਟਵਾਰੀ ਭਵਾਨੀਗੜ੍ਹ ਵਲੋਂ ਜਿੱਥੇ ਰੀਬਨ ਕੱਟ ਕੇ ਲਾਇਬ੍ਰੇਰੀ ਨੂੰ ਲੋਕ ਅਰਪਣ ਕੀਤਾ ਗਿਆ, ਉੱਥੇ ਮਨੁੱਖੀ ਅਧਿਕਾਰਾਂ ਦੇ ਉੱਘੇ ਕਾਰਕੁੰਨ, ਪੱਤਰਕਾਰ ਅਤੇ ਸਾਹਿਤਕਾਰ ਕਾ. ਬਸੇਸਰ ਰਾਮ ਵਲੋਂ ਭਾਰਤ ਵਿਚ ਕਮਿਊਨਿਸਟ ਲਹਿਰ ਦੇ 100 ਸਾਲਾਂ ਸ਼ਤਾਬਦੀ ਵਰੇਤੇ ਡੂੰਘਾਈ ਨਾਲ ਚਰਚਾ ਕਰਦਿਆਂ ਇਸ ਦੀ ਇਤਿਹਾਸਕ ਦੇਣ, ਪ੍ਰਾਪਤੀਆਂ ਅਤੇ ਕਮੀਆਂ ਤੇ ਚਾਨਣਾ ਪਾਇਆ | ਅਜਮੇਰ ਅਕਲੀਆ, ਜੁਝਾਰ ਨਮੋਲ, ਬਲਦੇਵ ਮੰਡੇਰ, ਭੋਲਾ ਸੰਗਰਾਮੀ, ਜਗਦੇਵ ਸੰਗਰੂਰ, ਜਗਦੀਸ਼ ਬਹਾਦਰਪੁਰੀ ਵਲੋਂ ਇਨਕਲਾਬੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਸਮਾਗਮ ਵਿਚ ਸਰੀਰ ਪ੍ਰਦਾਨੀ ਮਰਹੂਮ ਸਰਬਜੀਤ ਨਮੋਲ ਵਲੋਂ ਰਚਿਤ ਕਵਿਤਾ ਸੰਗ੍ਰਹਿ 'ਬਾਗੀ' ਨੂੰ ਵੀ ਲੋਕ ਅਰਪਣ ਕੀਤਾ ਗਿਆ | ਮੁੱਖ ਬੁਲਾਰੇ ਦੀ ਰੱਖੀ ਗੱਲਬਾਤ ਤੇ ਵਿਚਾਰ ਚਰਚਾ ਵਿਚ, ਇਨਜਿੰਦਰ ਖੀਵਾ, ਜਗਦੀਸ਼ ਬਹਾਦਰਪੁਰੀ, ਬੱਚਿਤਰ ਦੁੱਗਾਂ, ਅਜਾਇਬ ਸਿੰਘ ਟਿਵਾਣਾ, ਚਰਨਜੀਤ ਪਟਵਾਰੀ ਨੇ ਭਾਗ ਲਿਆ | ਇਸ ਮੌਕੇ ਵੱਡੀ ਗਿਣਤੀ ਵਿਚ ਜਥੇਬੰਦੀਆਂ ਦੇ ਕਾਰਕੁਨ ਅਤੇ ਲੋਕ ਹਾਜ਼ਰ ਸਨ |