ਜ਼ੀਰਾ, 31 ਮਈ (ਪ੍ਰਤਾਪ ਸਿੰਘ ਹੀਰਾ)- ਜ਼ਿਲ੍ਹਾ ਫ਼ਿਰੋਜ਼ਪੁਰ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ ਨੇ ਸਾਂਝ ਕੇਂਦਰ ਜ਼ੀਰਾ ਦੇ ਸਹਿਯੋਗ ਨਾਲ ਗੁਰਮੀਤ ਸਿੰਘ ਏ.ਐੱਸ.ਆਈ. ਇੰਚਾਰਜ ਸਾਂਝ ਕੇਂਦਰ ਜ਼ੀਰਾ ਦੀ ਦੇਖ-ਰੇਖ ਹੇਠ ਕਮੇਟੀ ਘਰ ਦੇ ਪਾਰਕ 'ਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ | ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨ.ਜੀ.ਓ. ਜ਼ੀਰਾ ਨੇ ਕਿਹਾ ਕਿ ਤੰਬਾਕੂ ਬੁਰੀ ਆਦਤ ਹੈ | ਤੰਬਾਕੂ ਦੀ ਵਰਤੋ ਕਰਨਾ ਇਕ ਤਰ੍ਹਾਂ ਨਾਲ ਮੌਤ ਨੂੰ ਦਾਅਵਤ ਦੇਣ ਦੇ ਬਰਾਬਰ ਹੈ | ਤੰਬਾਕੂ ਨੂੰ ਹੌਲੀ ਰਫ਼ਤਾਰ ਵਾਲਾ ਜ਼ਹਿਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਮੇਂ ਤੋਂ ਪਹਿਲਾਂ ਮੌਤ ਵੱਲ ਧੱਕਦਾ ਹੈ | ਦੁਨੀਆ ਭਰ ਵਿਚ 13 ਤੋਂ 15 ਸਾਲ ਦੀ ਉਮਰ ਵਰਗ ਦੇ ਕਰੀਬ 37 ਮਿਲੀਅਨ ਬੱਚੇ ਤੰਬਾਕੂ ਦੀ ਵਰਤੋ ਕਰਦੇ ਹਨ | ਭਾਰਤ ਵਿਚ ਪ੍ਰਤੀ ਦਿਨ 3500 ਮੌਤਾਂ ਤੰਬਾਕੂ ਦੀ ਵਰਤੋ ਕਾਰਨ ਹੁੰਦੀਆਂ ਹਨ, ਜਿਸ ਨਾਲ ਬਹੁਤ ਸਾਰੇ ਆਰਥਿਕ ਸਮਾਜਿਕ ਬੋਝ ਪੈਂਦੇ ਹਨ | ਭਾਰਤ ਵਿਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 28.6 ਫ਼ੀਸਦੀ ਬਾਲਗ ਕਿਸੇ ਨਾ ਕਿਸੇ ਰੂਪ ਵਿਚ ਤੰਬਾਕੂ ਦੀ ਵਰਤੋ ਕਰਦੇ ਹਨ | ਤੰਬਾਕੂ ਦੀ ਵਰਤੋ ਨਾਲ ਕੈਂਸਰ, ਹਾਰਟ ਅਟੈਕ, ਸਾਹ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ | ਤੰਬਾਕੂ ਛੱਡਣ ਲਈ ਦਿ੍ੜ੍ਹ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ | ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਤੇ ਚੰਗੇ ਰਾਹ ਪਾਉਣ ਲਈ ਅੱਜ ਦੇ ਦਿਨ ਵੱਧ ਤੋਂ ਵੱਧ ਲੋਕਾਂ ਨੂੰ ਤੰਬਾਕੂ ਦੇ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਮੁਕਤ ਬਣ ਸਕੇ | ਤੰਬਾਕੂ ਛੱਡਣ ਦਾ ਤਹੱਈਆ ਕਰੀਏ | ਤੰਬਾਕੂ ਨਾ ਕਹੀਏ ਤੇ ਜ਼ਿੰਦਗੀ ਨੂੰ ਹਾਂ ਕਹੀਏ | ਇਸ ਮੌਕੇ ਗੁਰਮੀਤ ਸਿੰਘ ਏ.ਐੱਸ.ਆਈ. ਇੰਚਾਰਜ ਸਬ ਡਵੀਜ਼ਨ ਸਾਂਝ ਕੇਂਦਰ ਜ਼ੀਰਾ, ਗੁਰਪ੍ਰਤਾਪ ਸਿੰਘ ਏ.ਐੱਸ.ਆਈ., ਬਲਵੰਤ ਸਿੰਘ ਏ.ਐੱਸ.ਆਈ., ਰੇਸ਼ਮ ਸਿੰਘ ਏ.ਐੱਸ.ਆਈ., ਏ.ਐੱਸ.ਆਈ. ਰਜਿੰਦਰ ਸਿੰਘ ਟਰੈਫ਼ਿਕ ਸੈੱਲ ਜ਼ੀਰਾ, ਸੁਖਜਿੰਦਰ ਸਿੰਘ ਹੌਲਦਾਰ ਟਰੈਫ਼ਿਕ ਸੈੱਲ ਜ਼ੀਰਾ, ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ, ਹਰਜੀਤ ਸਿੰਘ ਇੰਸਪੈਕਟਰ ਸਰਪ੍ਰਸਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਪ੍ਰੀਤਮ ਸਿੰਘ ਪ੍ਰਧਾਨ ਸੇਵਾ ਭਾਰਤੀ, ਵਿਜੇ ਮੋਂਗਾ ਪ੍ਰਧਾਨ ਅਲਾਇੰਸ ਕਲੱਬ, ਬਲਬੀਰ ਸਿੰਘ ਸਟੱਡੀ ਸਰਕਲ ਆਦਿ ਹਾਜ਼ਰ ਸਨ |