ਜ਼ੀਰਾ, 31 ਮਈ (ਪ੍ਰਤਾਪ ਸਿੰਘ ਹੀਰਾ)-ਐੱਸ.ਐੱਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਚੱਲਦਿਆਂ ਥਾਣਾ ਸਦਰ ਜ਼ੀਰਾ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਤੇ ਲੱਖਾਂ ਰੁਪਏ ਦੀ ਨਸ਼ਾ ਵੱਟਤ ਰਕਮ ਸਮੇਤ ਇਕ ਵਿਅਕਤੀ ਨੂੰ ਕਾਰ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਸਦਰ ਜ਼ੀਰਾ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਬਸਤੀ ਬੂਟੇ ਵਾਲੀ ਤੋਂ ਅੱਗੇ ਸਿਵਿਆਂ ਸਾਹਮਣੇ ਪੁੱਜੀ ਤਾਂ ਸਿਵਿਆਂ ਦੇ ਸ਼ੈੱਡ ਪਾਸ ਇਕ ਕਾਰ ਸਵਿਫ਼ਟ ਨੰਬਰ ਡੀ.ਐਲ.6ਸੀ.ਪੀ.-1958 ਖੜ੍ਹੀ ਸੀ, ਜਿਸ ਵਿਚ ਇਕ ਆਦਮੀ ਬੈਠਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਡਰਾਈਵਰ ਸਾਈਡ ਵਾਲੀ ਬਾਰੀ ਖੋਲ੍ਹ ਕੇ ਬਾਹਰ ਨਿਕਲਿਆ ਅਤੇ ਆਪਣੀ ਪਹਿਨੀ ਹੋਈ ਲੋਅਰ ਦੀ ਸੱਜੀ ਜੇਬ ਵਿਚੋਂ ਮੋਮੀ ਲਿਫ਼ਾਫ਼ੇ ਵਿਚ ਲਪੇਟੀ ਹੋਈ ਕੋਈ ਵਸਤੂ ਥੱਲੇ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸਹਾਇਕ ਥਾਣੇਦਾਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਉਕਤ ਮੁਲਜ਼ਮ ਪਾਸੋਂ 360 ਨਸ਼ੀਲੀਆਂ ਗੋਲੀਆਂ ਅਤੇ 7 ਲੱਖ ਰੁਪਏ ਨਸ਼ਾ ਵੱਟਤ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਮੁਲਜ਼ਮ ਸੰਦੀਪ ਕੁਮਾਰ ਉਰਫ਼ ਆਲੂ ਪੁੱਤਰ ਮਨੋਹਰ ਲਾਲ ਵਾਸੀ ਨੂਰ ਦੀ ਅੱਡਾ ਵਾਲਮੀਕਿ ਕਾਲੋਨੀ ਟਾਂਗ ਛੱਤੜੀ ਮੁਹੱਲਾ ਤਰਨਤਾਰਨ ਖ਼ਿਲਾਫ਼ ਥਾਣਾ ਸਦਰ ਜ਼ੀਰਾ ਅੰਦਰ ਐਨ.ਡੀ.ਪੀ.ਐੱਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |