ਮਮਦੋਟ 31 ਮਈ(ਸੁਖਦੇਵ ਸਿੰਘ ਸੰਗਮ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਪਿੰਡ ਅਲਫੂ ਕੇ ਵਿਖੇ ਬੀਤੇ ਸ਼ੁੱਕਰਵਾਰ ਦੇਰ ਰਾਤ ਨੂੰ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਗੋਲੀ ਲੱਗਣ ਨਾਲ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ | ਜਿਸ ਨੂੰ ਇਲਾਜ ਲਈ ਫ਼ਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਸੀ, ਜਿੱਥੇ ਉਸ ਦੀ ਮੌਤ ਹੋ ਗਈ | ਮਿ੍ਤਕ ਨੌਜਵਾਨ ਦੀ ਪਹਿਚਾਣ ਗਗਨਜੋਤ ਵਾਸੀ ਪਿੰਡ ਪੋਜੋ ਕੇ ਥਾਣਾ ਮਮਦੋਟ ਵਜੋਂ ਹੋਈ ਹੈ | ਥਾਣਾ ਲੱਖੋ ਕਿ ਬਹਿਰਾਮ ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਘਟਨਾ ਸਬੰਧੀ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਫ਼ਿਲਹਾਲ ਕਿਸੇ ਵੀ ਮੁਲਜ਼ਮ ਦੀ ਗਿ੍ਫ਼ਤਾਰੀ ਨਹੀਂ ਹੋਈ | ਪਿੰਡ ਵਾਸੀਆਂ ਮੁਤਾਬਿਕ ਪਿੰਡ ਹਰਗੋਬਿੰਦਪੁਰਾ ਦਾਖਲੀ ਅਲਫੂ ਕੇ ਦੇ ਵਾਸੀ ਦਰਸ਼ਨ ਸਿੰਘ ਅਤੇ ਸ਼ਾਮ ਸਿੰਘ ਦੇ ਪਰਿਵਾਰ ਵਿਚਾਲੇ ਜ਼ਮੀਨ ਦਾ ਵਿਵਾਦ ਸੀ ਤੇ ਦਰਸ਼ਨ ਸਿੰਘ ਧਿਰ ਵਲੋਂ ਕੁੱਝ ਦਿਨ ਪਹਿਲਾਂ ਪਟਵਾਰੀ ਅਤੇ ਕਾਨੰੂਗੋ ਦੁਆਰਾ ਨਿਸ਼ਾਨਦੇਹੀ ਕਰਵਾ ਕੇ ਵੱਟਾਂ ਪਾਈਆਂ ਗਈਆਂ ਸਨ ਤੇ ਇਸੇ ਗੱਲ ਨੂੰ ਲੈ ਕੇ ਬੀਤੀ ਰਾਤ ਫਿਰ ਦੋਨਾਂ ਧਿਰਾਂ ਵਿਚ ਝਗੜਾ ਹੋ ਗਿਆ ਜਿਸ ਦੌਰਾਨ ਚੱਲੀ ਗੋਲੀ ਗਗਨਜੋਤ ਸਿੰਘ ਦੇ ਲੱਗ ਗਈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |