25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗਲੀ 'ਚ ਨਾਜਾਇਜ਼ ਕਬਜ਼ਾ ਕਰਨ ਤੋਂ ਰੋਕਣ 'ਤੇ ਪੰਚਾਇਤ ਸੈਕਟਰੀ 'ਤੇ ਰਿਵਾਲਵਰ ਨਾਲ ਫਾਇਰ ਕਰ ਕੇ ਹਮਲਾ ਕਰਨ ਦੇ ਦੋਸ਼

Ad Position 21
No active advertisement
ਅਜੀਤ ਡੈਸਕ 05-06-2025


• ਪੁਲਿਸ 'ਤੇ ਵੀ ਮਾਮਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼

ਜ਼ੀਰਾ, 4 ਜੂਨ (ਰਜਨੀਸ਼ ਕਥੂਰੀਆ)-ਸਥਾਨਕ ਸ਼ਹਿਰ ਵਿਖੇ ਸਥਿਤ ਨਮਨ ਐਨਕਲੇਵ ਨਿਵਾਸੀ ਇਕ ਡਾਕਟਰ ਨੇ ਨਾਜਾਇਜ਼ ਕਬਜ਼ਾ ਕਰਨ ਤੋਂ ਰੋਕਣ 'ਤੇ ਆਪਣੀ ਹੀ ਕਾਲੋਨੀ 'ਚ ਰਹਿੰਦੇ ਇਕ ਪੰਚਾਇਤ ਸੈਕਟਰੀ 'ਤੇ ਰਿਵਾਲਵਰ ਨਾਲ ਫਾਇਰ ਕਰਕੇ ਹਮਲਾ ਕਰਨ ਦੇ ਦੋਸ਼ ਲਗਾਉਂਦਿਆਂ ਵਾਪਰੀ ਇਸ ਘਟਨਾ ਤੋਂ ਬਾਅਦ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵਲੋਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ | ਡਾ. ਮੋਹਨ ਸਿੰਘ ਢਿੱਲੋਂ ਪੁੱਤਰ ਸੰਤੋਖ ਸਿੰਘ ਵਾਸੀ ਨਮਨ ਐਨਕਲੇਵ ਜ਼ੀਰਾ ਨੇ ਥਾਣਾ ਸਿਟੀ ਜ਼ੀਰਾ, ਐੱਸ.ਐੱਸ.ਪੀ.ਫ਼ਿਰੋਜ਼ਪੁਰ ਅਤੇ ਡੀ.ਆਈ.ਜੀ.ਰੇਂਜ ਫ਼ਿਰੋਜ਼ਪੁਰ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ ਵਿਚ ਦੋਸ਼ ਲਗਾਇਆ ਹੈ ਕਿ ਸਾਡੀ ਕਾਲੋਨੀ ਵਿਚ ਰਹਿੰਦੇ ਇਕ ਪੰਚਾਇਤ ਸੈਕਟਰੀ ਨੇ ਕਥਿਤ ਤੌਰ 'ਤੇ ਪਾਰਕ ਅਤੇ ਗਲੀ ਵਿਚ ਪਿਛਲੇ 1 ਸਾਲ ਤੋਂ ਮਿੱਟੀ ਅਤੇ ਬੱਜਰੀ ਸੁਟਵਾ ਕੇ ਨਾਜਾਇਜ ਕਬਜ਼ਾ ਕੀਤਾ ਹੋਇਆ ਹੈ ਜਿਸ ਤੋਂ ਸਾਰੇ ਕਾਲੋਨੀ ਵਾਲੇ ਤੰਗ ਹਨ | ਦਿੱਤੀ ਗਈ ਲਿਖਤੀ ਸ਼ਿਕਾਇਤ ਵਿਚ ਉਨ੍ਹਾਂ ਨੇ ਹੋਰ ਦੋਸ਼ ਲਗਾਇਆ ਕਿ ਇੱਥੇ ਹੀ ਬੱਸ ਨਹੀਂ ਬਲਕਿ ਦੋਸ਼ੀ ਪੰਚਾਇਤ ਸੈਕਟਰੀ ਨੇ ਕਾਲੋਨੀ ਦੇ ਪਾਰਕ ਵਿਚ ਵੀ ਸਰੀਏ ਲਗਾ ਕੇ ਕਥਿਤ ਤੌਰ 'ਤੇ ਨਾਜਾਇਜ ਢੰਗ ਨਾਲ ਆਪਣਾ ਜਨਰੇਟਰ ਵੀ ਰੱਖਿਆ ਹੋਇਆ ਹੈ ਜਿਸ ਨੂੰ ਕੁੱਝ ਦਿਨ ਪਹਿਲਾਂ ਮੇਰੇ ਸਮੇਤ ਕਾਲੋਨੀ ਨਿਵਾਸੀਆਂ ਨੇ ਅਜਿਹਾ ਕਰਨ ਤੋਂ ਰੋਕਿਆ ਪਰ ਦੋਸ਼ੀ ਨੇ ਆਪਣੇ ਸਰਕਾਰੀ ਰੁਤਬੇ ਦੀ ਨਾਜਾਇਜ਼ ਵਰਤੋਂ ਕਰਦਿਆਂ ਸਾਡੀ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ | ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਦਿਨੀਂ ਸਵੇਰ ਸਮੇਂ ਦੋਸ਼ੀ ਪੰਚਾਇਤ ਸੈਕਟਰੀ ਨੇ ਆਪਣੇ ਘਰ ਦੇ ਬਾਹਰ ਖੜੇ ਹੋ ਕੇ ਲਲਕਾਰਾ ਮਾਰਦਿਆਂ ਮੈਨੂੰ ਧਮਕੀ ਦਿੱਤੀ ਕਿ ਅੱਜ ਤੈਨੂੰ ਗਲੀ ਵਿਚ ਕਬਜ਼ਾ ਕਰਨ ਤੋਂ ਰੋਕਣ ਅਤੇ ਪਾਰਕ ਵਿਚ ਜਨਰੇਟਰ ਰੱਖਣ ਤੋਂ ਰੋਕਣ ਦਾ ਮਜ਼ਾ ਚਖਾਉਂਦਾ ਹਾਂ | ਉਨ੍ਹਾਂ ਦੋਸ਼ ਲਗਾਇਆ ਕਿ ਏਨਾ ਕਹਿੰਦਿਆਂ ਹੀ ਦੋਸ਼ੀ ਪੰਚਾਇਤ ਸੈਕਟਰੀ ਆਪਣੇ ਘਰੋਂ ਰਿਵਾਲਵਰ ਕੱਢ ਲਿਆਇਆ ਅਤੇ ਮਾਰ ਦੇਣ ਦੀ ਨੀਯਤ ਨਾਲ ਮੇਰੇ ਅਤੇ ਮੇਰੇ ਬੇਟੇ ਡਾਕਟਰ ਜਸਬੀਰ ਸਿੰਘ ਢਿੱਲੋਂ ਰਿਟਾਇਰਡ ਮੇਜਰ ਇੰਡੀਅਨ ਆਰਮੀ 'ਤੇ ਸਿੱਧੇ ਫਾਇਰ ਕੀਤੇ ਪਰ ਅਸੀਂ ਆਪਣੇ ਘਰ ਵੱਲ ਭੱਜ ਕੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ | ਉਨ੍ਹਾਂ ਨੇ ਦੱਸਿਆ ਕਿ ਇਸ ਵੇਲੇ ਤੱਕ ਦੋਸ਼ੀ ਪੰਚਾਇਤ ਸੈਕਟਰੀ ਨੇ ਮਹਿੰਦਰਾ ਪੀਚੋ ਜੀਪ ਜਿਸ ਵਿਚ 4-5 ਅਣਪਛਾਤੇ ਵਿਅਕਤੀ ਜਿਨ੍ਹਾਂ ਕੋਲ ਡਾਂਗਾਂ ਅਤੇ ਸੋਟੇ ਸਨ ਵੀ ਮੌਕੇ 'ਤੇ ਬੁਲਾ ਲਏ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮਨਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਜਲਾਲਾਬਾਦ ਪੂਰਬੀ ਵੀ ਮੌਕੇ 'ਤੇ ਅਚਾਨਕ ਹੀ ਮੈਨੂੰ ਮਿਲਣ ਵਾਸਤੇ ਆ ਗਿਆ ਅਤੇ ਉਸ ਦੀ ਹਾਜ਼ਰੀ ਵਿਚ ਵੀ ਦੋਸ਼ੀ ਨੇ ਮੈਨੂੰ ਅਤੇ ਮੇਰੇ ਲੜਕੇ ਨੂੰ ਹੀ ਨਹੀਂ ਬਲਕਿ ਮੈਨੂੰ ਮਿਲਣ ਲਈ ਆਏ ਮਨਦੀਪ ਸਿੰਘ ਨੂੰ ਵੀ ਗਾਲ੍ਹਾਂ ਕੱਢੀਆਂ ਤਾਂ ਮਨਦੀਪ ਸਿੰਘ ਦੇ ਫ਼ੋਨ ਕਰਕੇ ਸੂਚਿਤ ਕਰਨ 'ਤੇ ਐੱਸ.ਐੱਚ.ਓ. ਥਾਣਾ ਸਿਟੀ ਜ਼ੀਰਾ ਦੇ ਨਾਲ ਏ.ਐੱਸ.ਆਈ ਸਰਬਜੀਤ ਸਿੰਘ ਸੰਧੂ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਆ ਗਏ | ਉਨ੍ਹਾਂ ਹੋਰ ਦੱਸਿਆ ਉਕਤ ਏ.ਐੱਸ.ਆਈ ਨੇ ਦੋਸ਼ੀ ਵਲੋਂ ਵਰਤਿਆ ਹੋਇਆ ਰਿਵਾਲਵਰ ਅਤੇ ਮੌਕੇ ਦੀ ਸੀ.ਸੀ.ਟੀ.ਵੀ.ਵੀਡੀਓ ਤੋਂ ਇਲਾਵਾ ਮੇਰੇ ਪਾਸੋਂ ਲਾਇਸੈਂਸੀ 12 ਬੋਰ ਦੀ ਬੰਦੂਕ ਵੀ ਆਪਣੇ ਕਬਜ਼ੇ ਵਿਚ ਲੈ ਲਈ | ਇਸ ਤੋਂ ਬਾਅਦ ਐੱਸ.ਐੱਚ.ਓ. ਅਤੇ ਏ.ਐੱਸ.ਆਈ. ਦੋਸ਼ੀ ਪੰਚਾਇਤ ਸੈਕਟਰੀ ਨੂੰ ਮੌਕੇ ਤੋਂ ਫੜ ਕੇ ਲੈ ਗਏ | ਡਾਕਟਰ ਮੋਹਨ ਸਿੰਘ ਨੇ ਦੋਸ਼ ਲਗਾਇਆ ਵਾਪਰੀ ਇਸ ਘਟਨਾ ਨੂੰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਸਥਾਨਕ ਪੁਲਿਸ ਮਾਮਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਇਸ ਸਬੰਧ ਵਿਚ ਡਾਕਟਰ ਮੋਹਨ ਸਿੰਘ ਨੇ ਐੱਸ.ਐੱਸ.ਪੀ. ਫ਼ਿਰੋਜ਼ਪੁਰ ਅਤੇ ਡੀ.ਆਈ.ਜੀ. ਫ਼ਿਰੋਜ਼ਪੁਰ ਪਾਸੋਂ ਕੇ ਦੋਸ਼ੀ ਪੰਚਾਇਤ ਸੈਕਟਰੀ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ | ਇਸ ਸਬੰਧ ਵਿਚ ਜਦੋਂ ਦੋਸ਼ੀ ਪੰਚਾਇਤ ਸੈਕਟਰੀ ਨਾਲ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਾਰ-ਵਾਰ ਇਹ ਕਹਿ ਕੇ ਫ਼ੋਨ ਕੱਟ ਦਿੰਦੇ ਰਹੇ ਕਿ ਮੈਂ ਬਾਅਦ ਵਿਚ ਗੱਲ ਕਰਦਾ ਹਾਂ | ਇਸੇ ਸਬੰਧ ਵਿਚ ਜਦੋਂ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ.ਬਲਜਿੰਦਰ ਸਿੰਘ ਨਾਲ ਫ਼ੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਕਥਿਤ ਦੋਸ਼ੀ ਪੰਚਾਇਤ ਸੈਕਟਰੀ ਵਲੋਂ ਵੀ ਡਾਕਟਰ ਮੋਹਨ ਸਿੰਘ ਦੇ ਖ਼ਿਲਾਫ਼ ਇਕ ਦਰਖਾਸਤ ਆਈ ਹੈ ਅਤੇ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜ਼ਬਤ ਕੀਤੀ ਗਈ ਸੀ.ਸੀ.ਟੀ.ਵੀ. ਵੀਡੀਓ ਵਿਚ ਫਾਇਰ ਕੀਤੇ ਜਾਣ ਦੀ ਕੋਈ ਵੀ ਫੁੱਟੇਜ ਨਹੀਂ ਹੈ | ਜਦੋਂ ਉਨ੍ਹਾਂ ਨੂੰ 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੜਤਾਲ ਮੁਕੰਮਲ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ |

Ad Position 22
No active advertisement
ਪਿਛਲੀ ਖ਼ਬਰ ਆਦਰਸ਼ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ 260 ਨਸ਼ੇ ਦੀਆਂ ਗੋਲੀਆਂ ਸਮੇਤ ਔਰਤ ਕਾਬੂ
Ad Position 24