29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹਾਂ ਦੀ ਮਾਰ-ਸਤਲੁਜ ਦੇ ਪਾਣੀ ਨੇ ਮਿਟਾਈਆਂ ਭਾਰਤ-ਪਾਕਿ ਕੌਮਾਂਤਰੀ ਸਰਹੱਦਾਂ

Ad Position 21
No active advertisement
ਹਿੰਦ-ਪਾਕਿ ਸਰਹੱਦ 'ਤੇ ਜੇ.ਸੀ.ਪੀ ਹੁਸੈਨੀਵਾਲਾ ਵਿਖੇ ਭਰਿਆ ਪਾਣੀ, ਡਿਫੈਂਸ ਬੰਨ੍ਹ ਟੁੱਟਣ ਨਾਲ ਪਾਕਿਸਤਾਨ ਵਿਚ ਦਾਖ਼ਲ ਹੁੰਦਾ ਪਾਣੀ ਤੇ ਕੌਮਾਂਤਰੀ ਸਰਹੱਦਾਂ ਨੂੰ ਮਿਟਾਉਂਦਾ ਦਿਖਾਈ ਦਿੰਦਾ ਬੰਨ੍ਹ ਦੇ ਨਾਲ ਭਰਿਆ ਸਤਲੁਜ ਦਾ ਪਾਣੀ | ਤਸਵੀਰਾਂ-ਗੁਰਿੰਦਰ ਸਿੰਘ <br/> 30-08-2025
ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਸਤਲੁਜ ਦਰਿਆ ਵਿਚ ਲਗਾਤਾਰ ਵੱਧ ਰਿਹਾ ਪਾਣੀ ਅਤੇ ਤੇਜ਼ ਵਹਾਅ ਸਰਹੱਦੀ ਇਲਾਕੇ ਲਈ ਵੱਡੀ ਚੁਨੌਤੀ ਬਣ ਗਿਆ ਹੈ | ਬੀਤੀ ਸ਼ਾਮ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਡਿਫੈਂਸ ਬੰਨ੍ਹ ਵਿਚ ਪਿਆ ਪਾੜ 250 ਫੁੱਟ ਤੱਕ ਵਧਣ ਨਾਲ ਦਰਿਆ ਦਾ ਪਾਣੀ ਤੇਜ਼ੀ ਨਾਲ ਵਗਦਿਆਂ ਪਾਕਿਸਤਾਨ ਵਿਚ ਦਾਖਲ ਹੋਇਆ ਤੇ ਉੱਥੇ ਦੇ ਬੰਨ੍ਹ ਨਾਲ ਟਕਰਾ ਕੇ ਮੁੜ ਕੇ ਸਿੱਧਾ ਜੇ.ਸੀ.ਪੀ. ਹੁਸੈਨੀਵਾਲਾ ਤੱਕ ਪਹੁੰਚ ਗਿਆ ਹੈ | ਭਾਰਤ-ਪਾਕਿ ਦੋਸਤੀ ਅਤੇ ਸੁਰੱਖਿਆ ਦੇ ਪ੍ਰਤੀਕ ਜੇ.ਸੀ.ਪੀ. ਇਲਾਕੇ ਵਿਚ ਲਗਭਗ 7 ਫੁੱਟ ਤੱਕ ਪਾਣੀ ਭਰ ਗਿਆ ਹੈ, ਜਿਸ ਨਾਲ ਜੇ.ਸੀ.ਪੀ. ਹੁਸੈਨੀਵਾਲਾ ਹੁਣ ਸਿੱਧੇ ਤੌਰ 'ਤੇ ਹੜ੍ਹ ਦੇ ਖਤਰੇ ਹੇਠ ਆ ਗਿਆ ਹੈ | ਡਿਫੈਂਸ ਬੰਨ੍ਹ ਦੇ ਟੁੱਟਣ ਨਾਲ ਜਿੱਥੇ ਭਾਰਤੀ ਪਿੰਡਾਂ ਤੇ ਬੰਨ੍ਹ ਨਾਲ ਲੱਗਦੀ ਬੀ.ਐੱਸ.ਐੱਫ ਦੀ ਚੌਂਕੀ ਸਤਪਾਲ ਨੂੰ ਕੁੱਝ ਰਾਹਤ ਮਿਲੀ ਹੈ, ਉੱਥੇ ਪਾਕਿਸਤਾਨੀ ਇਲਾਕਿਆਂ ਵਿਚ ਤਬਾਹੀ ਵਧਦੀ ਜਾ ਰਹੀ ਹੈ | ਭਾਰਤੀ ਚੌਂਕੀ ਸਤਪਾਲ ਤੋਂ ਅੱਗੇ ਡਿਫੈਂਸ ਬੰਨ੍ਹ ਟੁੱਟਣ ਨਾਲ ਫੈਲੇ ਦਰਿਆ ਸਤਲੁਜ ਦੇ ਪਾਣੀ ਨੇ ਜ਼ਮੀਨ 'ਤੇ ਉੱਕਰੀਆਂ ਕੌਮਾਂਤਰੀ ਸਰਹੱਦਾਂ ਮਿਟਾ ਦਿੱਤੀਆਂ ਹਨ ਅਤੇ ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ | ਤੇਜ਼ੀ ਨਾਲ ਵਹਿ ਰਿਹਾ ਸਤਲੁਜ ਦਾ ਪਾਣੀ ਪਾਕਿਸਤਾਨ ਦੇ ਗੰਢਾ ਸਿੰਘ ਵਾਲਾ ਤੋਂ ਵਾਪਸ ਭਾਰਤੀ ਖੇਤਰ ਵਿਚ ਮਾਰ ਕਰਦਾ ਹੋਇਆ ਮੁੜ ਹੁਸੈਨੀਵਾਲਾ ਤੋਂ ਸਤਲੁਜ ਵਿਚ ਦਾਖਲ ਹੋ ਰਿਹਾ ਹੈ |
ਪਾਕਿਸਤਾਨ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ
ਸੂਤਰਾਂ ਅਨੁਸਾਰ ਭਾਰਤੀ ਖੇਤਰ ਵਿਚਲਾ ਡਿਫੈਂਸ ਬੰਨ੍ਹ ਟੁੱਟਣ ਨਾਲ ਪਾਣੀ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਕਈ ਪਿੰਡਾਂ ਵਿਚ ਪਹੁੰਚ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਹਾਕੂਵਾੜਾ, ਕਲਿੰਜਰਾਂ, ਗੰਡਾ ਸਿੰਘ ਵਾਲਾ ਅਤੇ ਭਿਖੀ ਪਿੰਡ ਆਦਿ ਪਿੰਡ ਪਾਣੀ ਦੀ ਚਪੇਟ ਵਿਚ ਆ ਗਏ ਹਨ | ਇਨ੍ਹਾਂ ਪਿੰਡਾਂ ਦੇ ਖੇਤਾਂ ਅਤੇ ਘਰਾਂ ਵਿਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਭਾਰਤੀ ਪਿੰਡਾਂ 'ਚ ਘਟਿਆ ਪਾਣੀ
ਦਿਲਚਸਪ ਗੱਲ ਇਹ ਹੈ ਕਿ ਜਿੱਥੇ ਇਹ ਬੰਨ੍ਹ ਟੁੱਟਣ ਨਾਲ ਪਾਕਿਸਤਾਨ ਵਿਚ ਤਬਾਹੀ ਆਈ, ਉੱਥੇ ਭਾਰਤ ਦੇ ਸਰਹੱਦੀ ਪਿੰਡਾਂ ਨੂੰ ਕੁੱਝ ਹੱਦ ਤੱਕ ਰਾਹਤ ਮਿਲੀ ਹੈ | ਗੱਟੀ ਰਾਜੋਕੇ, ਭਖੜਾ ਅਤੇ ਹਜ਼ਾਰਾ ਸਿੰਘ ਵਾਲਾ ਆਦਿ ਪਿੰਡਾਂ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘੱਟ ਹੋ ਗਿਆ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਦੇ ਦਬਾਅ ਕਾਰਨ ਉਹ ਖ਼ੌਫ਼ ਵਿਚ ਸਨ, ਪਰ ਬੰਨ੍ਹ ਟੁੱਟਣ ਨਾਲ ਫ਼ਿਲਹਾਲ ਉਨ੍ਹਾਂ ਦੇ ਪਿੰਡਾਂ ਵਿਚ ਖ਼ਤਰਾ ਘਟਿਆ ਹੈ |
ਪਾਕਿਸਤਾਨੀ ਬੰਨ੍ਹ ਵੀ ਖਤਰੇ ਹੇਠ
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸਤਲੁਜ ਦਰਿਆ ਦਾ ਪਾਣੀ ਇਸੇ ਤਰ੍ਹਾਂ ਹੀ ਵਧਦਾ ਰਿਹਾ ਤਾਂ ਪਾਕਿਸਤਾਨ ਦਾ ਡਿਫੈਂਸ ਬੰਨ੍ਹ ਵੀ ਟੁੱਟ ਸਕਦਾ ਹੈ | ਦਰਅਸਲ ਭਾਰਤੀ ਚੌਂਕੀ ਸਤਪਾਲ ਕੋਲੋਂ ਟੁੱਟਿਆ ਭਾਰਤੀ ਬੰਨ੍ਹ ਸਿੱਧੀ ਟੱਕਰ ਪਾਕਿਸਤਾਨ ਦੇ ਬੰਨ੍ਹ ਨੂੰ ਦੇ ਰਿਹਾ ਹੈ | ਪਾਣੀ ਦੇ ਤੇਜ਼ ਵਹਾਅ ਕਾਰਨ ਉਸ ਬੰਨ੍ਹ ਦੀ ਮਜ਼ਬੂਤੀ ਉੱਤੇ ਸਵਾਲ ਖੜ੍ਹੇ ਹੋ ਗਏ ਹਨ | ਜੇਕਰ ਉਹ ਬੰਨ੍ਹ ਟੁੱਟਿਆ ਤਾਂ ਕਸੂਰ ਜ਼ਿਲ੍ਹੇ ਦੇ ਹੋਰ ਪਿੰਡ ਵੀ ਹੜ੍ਹ ਦੀ ਮਾਰ ਹੇਠ ਆ ਸਕਦੇ ਹਨ |
ਪ੍ਰਸ਼ਾਸਨ ਚੌਕਸ
ਸਰਹੱਦੀ ਇਲਾਕੇ ਦੀ ਇਸ ਸੰਵੇਦਨਸ਼ੀਲ ਸਥਿਤੀ ਨੂੰ ਦੇਖਦਿਆਂ ਭਾਰਤੀ ਪ੍ਰਸ਼ਾਸਨ ਚੌਕਸੀ 'ਤੇ ਹੈ | ਸਥਾਨਕ ਪ੍ਰਸ਼ਾਸਨ ਨੇ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਹਾਲਾਤ 'ਤੇ ਨਿਗਰਾਨੀ ਰੱਖੀ ਹੋਈ ਹੈ | ਲੋਕਾਂ ਨੂੰ ਦਰਿਆ ਕੰਢੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਅਰਵਿੰਦਰਪਾਲ ਸਿੰਘ ਨੇ ਐੱਸ.ਡੀ.ਐਮ ਜ਼ੀਰਾ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਭਾਜਪਾ ਹੁਣ ਰਾਸ਼ਨ ਲੁੱਟਣ ਦੀ ਰਚ ਰਹੀ ਹੈ ਸਾਜਿਸ਼-ਬਲਾਕ ਪ੍ਰਧਾਨ
Ad Position 24