ਮੱਲਾਂਵਾਲਾ, 29 ਅਗਸਤ (ਬਲਬੀਰ ਸਿੰਘ ਜੋਸਨ)-ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਹੜ੍ਹ ਪ੍ਰਭਾਵਿਤ ਪਿੰਡ ਰੁਕਨੇ ਵਾਲਾ ਵਿਖੇ ਸੰਗਰੂਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਟੀਮ ਵਲੋਂ ਗੁਰਮੇਲ ਸਿੰਘ ਘਰਾਚੋ ਅਤੇ ਓ.ਐੱਸ.ਡੀ. ਵਿੱਤ ਮੰਤਰੀ ਐਡਵੋਕੇਟ ਤਪਿੰਦਰ ਸੋਹੀ ਦੀ ਅਗਵਾਈ ਵਿਚ ਪਸ਼ੂਆਂ ਦਾ ਚਾਰਾ ਅਤੇ ਲੋਕਾਂ ਲਈ ਹੋਰ ਰਾਹਤ ਸਮਗਰੀ ਲੈ ਕੇ ਪਹੁੰਚਣ ਤੇ ਦਿਲੋਂ ਧੰਨਵਾਦ ਕੀਤਾ | ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਹਲਕੇ ਸੰਗਰੂਰ ਤੋਂ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਦੀ ਟੀਮ ਵਲੋਂ ਫ਼ਿਰੋਜਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਾਸਤੇ ਰਾਹਤ ਸਮਗਰੀ ਭੇਜੀ ਗਈ ਹੈ | ਉਹਨਾਂ ਦੱਸਿਆ ਕਿ ਇਸ ਰਾਹਤ ਸਮਗਰੀ ਵਿਚ ਆਮ ਲੋਕਾਂ ਲਈ ਸੁੱਕਾ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਆਦਿ ਭੇਜਿਆ ਗਿਆ ਹੈ | ਇਹ ਸਾਰਾ ਸਮਾਨ ਅੱਜ ਪਿੰਡ ਰੁਕਨੇ ਵਾਲਾ ਦੇ ਵਸਨੀਕਾਂ ਦੇ ਨਾਲ ਨਾਲ ਪਿੰਡ ਬੰਡਾਲਾ, ਬਸਤੀ ਕਿਸ਼ਨ ਸਿੰਘ, ਗੁਰਦਿੱਤੀ ਵਾਲਾ ਅਤੇ ਕਾਲੇ ਕੇ ਹਿਠਾੜ ਦੇ ਹੜ੍ਹ ਪ੍ਰਭਾਵਿਤ ਪਿੰਡ ਵਾਲਿਆਂ ਨੂੰ ਮੁਹੱਈਆ ਕਰਵਾਇਆ ਗਿਆ ਹੈ | ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਰਾਸ਼ਨ ਅਤੇ ਹੋਰ ਰਾਹਤ ਸਮਗਰੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਉਹਨਾਂ ਨੇ ਹੜ੍ਹ ਦੇ ਪਾਣੀ ਵਿਚ ਫਸੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਉੱਚੀਆਂ ਥਾਵਾਂ ਤੇ ਪਹੁੰਚ ਜਾਣ | ਇਸ ਕੰਮ ਲਈ ਐਨ.ਡੀ.ਆਰ.ਐਫ, ਆਰਮੀ ਅਤੇ ਬੀ.ਐਸ.ਐਫ ਦੀਆਂ ਟੀਮਾਂ ਉਹਨਾਂ ਦੀ ਮਦਦ ਕਰਨਗੀਆਂ| ਉਹਨਾਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਇਸ ਮੁਸੀਬਤ ਦੀ ਘੜੀ ਵਿਚ ਉਹਨਾਂ ਲਈ ਰਾਹਤ ਸਮਗਰੀ ਭੇਜਣ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਰਾਹਤ ਸਮਗਰੀ ਲੈ ਕੇ ਆਉਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹਰਜਿੰਦਰ ਸਿੰਘ ਘਾਗਾ, ਚੇਅਰਮੈਨ ਬਲਰਾਜ ਸਿੰਘ ਕਟੋਰਾ ਤੋਂ ਇਲਾਵਾ ਵਿਧਾਇਕ ਸਾਹਿਬ ਦੀ ਟੀਮ ਦੇ ਮੈਂਬਰ ਹਾਜ਼ਰ ਸਨ |