ਗੋਲੂ ਕਾ ਮੋੜ, 1 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਪੰਜਾਬ ਵਿਚ ਹੜ੍ਹਾਂ ਕਾਰਨ ਆਈ ਕਰੋਪੀ ਨਾਲ ਬਹੁਤ ਸਾਰੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਜਿਸ ਵਿਚ ਹਲਕਾ ਗੁਰੂਹਰਸਹਾਏ ਦੇ ਸਰਹੱਦੀ ਪੱਟੀ ਦੇ ਨਾਲ-ਨਾਲ ਲੱਗਦੇ ਪਿੰਡਾਂ ਵਿਚ ਹੜ੍ਹਾਂ ਦਾ ਕਹਿਰ ਜਾਰੀ ਹੈ | ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਪੀੜਿਤ ਲੋਕਾਂ ਦੀ ਸਹਾਇਤਾ ਲਈ ਭੇਜੀ ਰਾਹਤ ਸਮੱਗਰੀ ਪਛੜੀਆਂ ਸ਼੍ਰੇਣੀਆਂ ਪੰਜਾਬ ਦੇ ਚੇਅਰਮੈਨ ਡਾ. ਮਲਕੀਤ ਥਿੰਦ ਵਲੋਂ ਆਪਣੇ ਸਾਥੀਆਂ ਸਮੇਤ ਸਤਲੁਜ ਦਰਿਆ ਤੋਂ ਪਾਰ ਦੂਰ-ਦੁਰਾਡੇ ਪਿੰਡਾਂ ਅਤੇ ਢਾਣੀਆਂ ਵਿਚ ਪਹੁੰਚਾਈ ਗਈ | ਇਸ ਮੌਕੇ ਡਾ. ਮਲਕੀਤ ਥਿੰਦ ਨੇ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਪੰਜਾਬ ਦੇ ਬਹੁਤ ਸਾਰੇ ਜ਼ਿਲਿ੍ਹਆਂ ਵਿਚ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਪਰ ਮੌਕੇ ਮੁਤਾਬਿਕ ਕੁੱਝ ਨਾ ਕੁੱਝ ਰਾਹਤ ਸਮਗਰੀ ਪਹੁੰਚਾ ਕੇ ਲੋਕਾਂ ਦਾ ਸਹਿਯੋਗ ਜ਼ਰੂਰ ਕੀਤਾ ਜਾ ਸਕਦਾ ਹੈ | ਇਸ ਦੌਰਾਨ ਪਿੰਡ ਅਜਾਬਾ, ਢਾਣੀ ਗੁਰਮੁਖ ਸਿੰਘ, ਨੌ-ਬਹਿਰਾਮ ਸ਼ੇਰ ਸਿੰਘ ਵਾਲਾ, ਈਸਾ ਪੰਜ ਗਰਾਈ, ਗੱਟੀ ਅਜੈਬ ਸਿੰਘ, ਢਾਣੀ ਵੱਲੂ ਸਿੰਘ ਆਦਿ ਪਿੰਡਾਂ ਵਿਚ ਡਾ. ਥਿੰਦ ਨੇ ਲੋਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਲਈ ਜਗ੍ਹਾ-ਜਗ੍ਹਾ 'ਤੇ ਮੈਡੀਕਲ ਸਹੂਲਤਾਂ, ਪਸ਼ੂਆਂ ਲਈ ਚਾਰਾ ਤੇ ਖਾਣ ਪੀਣ ਦਾ ਸਾਮਾਨ ਪਹੁੰਚਾ ਕੇ ਇਸ ਔਖੀ ਘੜੀ ਵਿਚ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਕਿਹਾ ਲੋਕਾਂ ਨੂੰ ਅਪੀਲ ਹੈ ਕਿ ਅਜਿਹੇ ਸੰਕਟ ਮੌਕੇ ਸਿਆਸੀ ਰੰਜਸ਼ਾਂ ਨੂੰ ਛੱਡ ਕੇ ਸਾਨੂੰ ਹੜ੍ਹ ਪੀੜਤਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਸੁਸ਼ੀਲ ਬੱਟੀ, ਯੂਥ ਆਗੂ ਕੁਲਦੀਪ ਸਮਰਾ, ਬਲਾਕ ਪ੍ਰਧਾਨ ਹਰਭਜਨ ਸਿੰਘ, ਬਲਾਕ ਪ੍ਰਧਾਨ ਸੁਭਾਸ਼ ਮੁਤੀ, ਗੁਰਚਰਨ ਗਾਮੂਵਾਲਾ, ਕੁਲਮੀਰ ਕੇਤੂ, ਗੁਰਬੀਰ ਸਿੰਘ, ਨਿਰਮਲ ਸਿੰਘ, ਸੁਰਜੀਤ ਭੁੱਲਰ, ਦਵਿੰਦਰ ਫੌਜੀ, ਸੰਦੀਪ ਕੰਬੋਜ, ਬਲਦੇਵ ਸਰਪੰਚ ਕਰੀ ਕਲਾ, ਵਜ਼ੀਰ ਸਿੰਘ ਨੰਬਰਦਾਰ, ਗੁਰਪ੍ਰੀਤ ਖੈਰੇ ਕੇ ਆਦਿ ਹਾਜ਼ਰ ਸਨ |