ਫਿਰੋਜ਼ਪੁਰ, 1 ਸਤੰਬਰ (ਗੁਰਿੰਦਰ ਸਿੰਘ)- ਲਗਾਤਾਰ ਹੋ ਰਹੀ ਬਾਰਸ਼ ਕਾਰਨ ਆਏ ਵਿਨਾਸ਼ਕਾਰੀ ਹੜ੍ਹਾਂ ਦੇ ਜਵਾਬ ਵਿਚ, ਭਾਰਤੀ ਫ਼ੌਜ ਦੀ ਗੋਲਡਨ ਐਰੋ ਡਵੀਜ਼ਨ ਫਿਰੋਜ਼ਪੁਰ ਅਤੇ ਇਸ ਦੇ ਆਲ਼ੇ ਦੁਆਲੇ ਦੇ ਇਲਾਕਿਆਂ ਵਿਚ ਚੱਲ ਰਹੇ ਬਚਾਅ ਅਤੇ ਰਾਹਤ ਕਾਰਜਾਂ ਵਿਚ ਮੋਹਰੀ ਰਿਹਾ ਹੈ | ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਐੱਨ.ਡੀ.ਆਰ.ਐੱਫ ਅਤੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਦੇ ਹੋਏ, ਸਾਂਝੀਆਂ ਟੀਮਾਂ ਨੇ ਸੈਂਕੜੇ ਲੋਕਾਂ ਨੂੰ ਸਫਲਤਾ ਪੂਰਵਕ ਬਚਾਇਆ ਹੈ ਤੇ ਪ੍ਰਭਾਵਿਤ ਭਾਈਚਾਰਿਆਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ ਹੈ | ਉਨ੍ਹਾਂ ਦੱਸਿਆ ਕਿ ਗੋਲਡਨ ਐਰੋ ਡਵੀਜ਼ਨ ਦੇ ਸੈਨਿਕ ਲਗਾਤਾਰ ਕੰਮ ਕਰ ਰਹੇ ਹਨ ਤੇਜ਼ ਲਹਿਰਾਂ ਵਿਚ ਅੱਗੇ ਵੱਧ ਰਹੇ ਹਨ ਤੇ ਮੁਸੀਬਤ ਵਿਚ ਫਸੇ ਲੋਕਾਂ ਤੱਕ ਪਹੁੰਚਣ ਲਈ ਖ਼ਾਸ ਕਿਸ਼ਤੀਆਂ ਤੇ ਜੀਵਨ ਬਚਾਉਣ ਵਾਲੇ ਸਾਜ਼ੋ-ਸਾਮਾਨ ਦੀ ਵਰਤੋਂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਬਚਾਅ ਦੇ ਤੁਰੰਤ ਕੰਮ ਤੋਂ ਇਲਾਵਾ, ਸਾਂਝੀਆਂ ਟੀਮਾਂ ਵਿਆਪਕ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਵਿੱਚ ਵੀ ਜੁਟੀਆਂ ਹੋਈਆਂ ਹਨ |