ਰੁਕਨੇ ਵਾਲਾ ਐਡਵਾਂਸ ਬੰਨ੍ਹ 'ਤੇ ਬਣਿਆ ਮਕਾਨ ਹੜ੍ਹਾਂ ਦੇ ਪਾਣੀ ਨਾਲ ਹੋਇਆ ਢਹਿ-ਢੇਰੀ
ਅਜੀਤ ਡੈਸਕ
02-09-2025
ਸਾਡੇ ਪ੍ਰਤੀਨਿਧ ਵਲੋਂ ਮੌਕੇ 'ਤੇ ਜਾ ਕੇ ਦੇਖਿਆ ਕਿ ਰੁਕਨੇਵਾਲਾ ਐਡਵਾਂਸ ਬੰਨ੍ਹ ਜਿੱਥੇ ਕਰੀਬ 20 ਤੋਂ 30 ਫੁੱਟ ਪਾਣੀ ਵਗ ਰਿਹਾ ਸੀ ਤੇ ਬੰਨ੍ਹ ਦੇ ਉਪਰ ਹੀ ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦਾ ਮਕਾਨ ਸੀ, ਜੋ ਕਿ ਢਹਿ ਢੇਰੀ ਹੋ ਗਿਆ ਹੈ | ਇਸ ਮੌਕੇ ਭਰੇ ਮਨ ਨਾਲ ਆਪਣੇ ਦੁਖੜਾ ਸੁਣਾਉਂਦਿਆਂ ਕੁਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਪਤਾ ਲੱਗਾ ਕਿ ਮਕਾਨ ਨੂੰ ਨੁਕਸਾਨ ਪਹੁੰਚ ਰਿਹਾ ਤਾਂ ਉਨ੍ਹਾਂ ਜਲਦੀ ਹੀ ਮਕਾਨ ਦਾ ਕੁੱਝ ਹਿੱਸਾ ਢਾਹ ਕੇ ਸਾਰਾ ਸਾਮਾਨ ਬਾਹਰ ਕੱਢਿਆ ਤੇ ਬਾਹਰ ਸੜਕ 'ਤੇ ਰੱਖ ਦਿੱਤਾ ਤੇ ਪਸ਼ੂਆਂ ਨੂੰ ਵੀ ਸੜਕ 'ਤੇ ਹੀ ਬੰਨ੍ਹ ਦਿੱਤਾ | ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਉਸ ਨੂੰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ ਤੇ ਸਾਰਾ ਸਾਮਾਨ ਮੀਂਹ ਹਨੇਰੀ 'ਚ ਭਿੱਜ ਕੇ ਸਾਮਾਨ ਖ਼ਰਾਬ ਹੋ ਰਿਹਾ ਹੈ | ਉਨ੍ਹਾਂ ਵਲੋਂ ਕੁੱਝ ਸਾਮਾਨ ਨੂੰ ਆਪਣੇ ਕੋਲੋਂ ਤਰਪਾਲ ਨਾਲ ਢਕਿਆ ਹੈ | ਉਨ੍ਹਾਂ ਦੱਸਿਆ ਕਿ ਜੇਕਰ ਸਮੇਂ ਤੋਂ ਪਹਿਲਾਂ ਕੋਈ ਉਨ੍ਹਾਂ ਦੀ ਸਾਰ ਲੈਣ ਪਹੁੰਚਦਾ ਤਾਂ ਸ਼ਾਇਦ ਉਨ੍ਹਾਂ ਦਾ ਘਰ ਬਚ ਜਾਣਾ ਸੀ | ਉਨ੍ਹਾਂ ਦੱਸਿਆ ਕਿ ਸਿਰਫ਼ ਰਾਜਨੀਤਿਕ ਆਗੂ ਖਾਣ-ਪੀਣ ਦਾ ਰਾਸ਼ਨ ਦੇਣ ਆਏ ਤੇ ਚਲੇ ਗਏ | ਜਸਵਿੰਦਰ ਸਿੰਘ, ਜੋਗਿੰਦਰ ਸਿੰਘ, ਫੁੰਮਣ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਹਰ ਸਾਲ ਉਨ੍ਹਾਂ ਨੂੰ ਇਸ ਬੰਨ੍ਹ 'ਤੇ ਪਾਣੀ ਦੀ ਭਾਰੀ ਮਾਰ ਪੈਂਦੀ ਹੈ, ਜੇਕਰ ਸਰਕਾਰਾਂ ਤੇ ਪ੍ਰਸ਼ਾਸਨ ਸੁਹਿਰਦ ਹੋ ਕੇ ਇੱਥੇ ਪੱਕੀਆਂ ਨੋਚਾਂ ਦਾ ਪ੍ਰਬੰਧ ਕਰੇ ਤਾਂ ਬਚਾਅ ਹੋ ਸਕਦਾ | ਉਨ੍ਹਾਂ ਕਿਹਾ ਕਿ ਘਰ ਦੇ ਢਹਿ-ਢੇਰੀ ਹੋ ਜਾਣ ਬਾਅਦ ਹੁਣ ਇਲਾਕੇ ਭਰ ਦੇ ਰਾਜਨੀਤਿਕ ਆਗੂ ਤੇ ਪਤਵੰਤੇ ਪਹੁੰਚ ਰਹੇ ਹਨ ਅਤੇ ਬੰਨ੍ਹ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਹ ਰੁਕਨੇ ਵਾਲਾ ਬੰਨ੍ਹ ਜਿਸ ਨੂੰ ਹਰ ਸਾਲ ਖੋਰਾ ਲੱਗਦਾ ਹੈ, ਜਿੱਥੇ ਪੱਕੀਆਂ ਨੋਚਾਂ ਬਣਵਾ ਕੇ ਮਜ਼ਬੂਤ ਕੀਤਾ ਜਾਵੇ |