ਮੱਖੂ/ਜੀਰਾ, 2 ਸਤੰਬਰ (ਕੁਲਵਿੰਦਰ ਸਿੰਘ ਸੰਧੂ/ਰਜਨੀਸ਼ ਕਥੂਰੀਆ)-ਬਲਾਕ ਮੱਖੂ ਦੇ ਪਿੰਡ ਰੁਕਨੇ ਵਾਲੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਸਹਿਯੋਗ ਕਰਨ ਪਹੁੰਚੇ ਪੰਜਾਬੀ ਸਾਹਿੱਤਕਾਰ ਅਤੇ ਵਾਤਾਵਰਨ ਪ੍ਰੇਮੀ ਗੁਰਚਰਨ ਸਿੰਘ ਨੂਰਪੁਰ, ਸੁਖਵਿੰਦਰ ਸਿੰਘ ਸਭਰਾ ਸੂਬਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਸੁਖਦੇਵ ਸਿੰਘ ਸਨ੍ਹੇਰ ਬਲਾਕ ਪ੍ਰਧਾਨ ਭਾਕਿਯੂ ਕਾਦੀਆਂ, ਭੁਪਿੰਦਰ ਸਿੰਘ ਨੂਰਪੁਰ ਬਲਾਕ ਪ੍ਰਧਾਨ ਮੱਖੂ, ਇੰਦਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬਾਬਾ ਤਰਸੇਮ ਸਿੰਘ ਤਲਵੰਡੀ ਮੰਗੇ ਖਾਂ, ਹਰਪ੍ਰੀਤ ਸਿੰਘ ਲੌਂਗੋਦੇਵਾ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ ਭਾਕਿਯੂ ਕਾਦੀਆਂ, ਬਲਜਿੰਦਰ ਸਿੰਘ ਤਲਵੰਡੀ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਵਿੱਕੀ ਨਾਰੰਗ ਸ਼ਹਿਰੀ ਪ੍ਰਧਾਨ ਭਾਕਿਯੂ ਕਾਦੀਆਂ ਨੇ ਮੱਖੂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਇਲਾਕੇ ਭਰ ਦੇ ਲੋਕ ਦਰਿਆ ਵਲੋਂ ਬੰਨ੍ਹ ਨੂੰ ਟੁੱਟ ਰਹੇ ਬੰਨ੍ਹ ਨੂੰ ਬਚਾਉਣ ਲਈ ਦਿਨ ਰਾਤ ਇਕ ਕਰ ਰਹੇ ਹਨ | ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇੱਥੇ ਸਰਕਾਰੀ ਮਦਦ ਬਿਲਕੁਲ ਨਾ ਮਾਤਰ ਹੈ | ਕਾਦੀਆਂ ਦੀ ਅਗਵਾਈ ਵਿਚ ਇੱਥੇ 20 ਮਿੱਟੀ ਦੇ ਟਰਾਲੇ ਭੇਜੇ ਗਏ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ | ਇਲਾਕੇ ਦੇ ਲੋਕ ਬੜੀ ਮਸ਼ੱਕਤ ਨਾਲ ਪਿੰਡ ਚੱਕੀਆਂ ਦੇ ਵਿਚ ਬਣਾਏ ਡੰਪ ਵਿਚ ਮਿੱਟੀ ਇਕੱਠੀ ਕਰਦੇ ਹਨ ਫਿਰ ਇਸ ਮਿੱਟੀ ਨੂੰ ਬੋਰੀਆਂ ਵਿਚ ਭਰ ਕੇ ਦਰਿਆ ਦੇ ਵਹਿਣ ਨੂੰ ਰੋਕਣ ਲਈ ਦਰਿਆ ਵਿਚ ਸੁੱਟਿਆ ਜਾਂਦਾ ਹੈ | ਇੱਥੇ ਲੋਕਾਂ ਵਲੋਂ ਕੀਤੀ ਜਾ ਰਹੀ ਮਸ਼ੱਕਤ ਨੂੰ ਦੇਖਦਿਆਂ ਜਿੱਥੇ ਪੰਜਾਬੀਆਂ ਦੀ ਸੋਚ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ | ਉੱਥੇ ਸਰਕਾਰ ਦੀ ਮਦਦ ਵੇਖ ਕੇ ਮਨ ਵਿਚ ਅਫ਼ਸੋਸ ਪੈਦਾ ਹੁੰਦਾ ਹੈ ਚਾਹੀਦਾ ਤਾਂ ਇਹ ਹੈ ਕਿ ਇੱਥੇ ਸਰਕਾਰ ਵਲੋਂ ਛੋਟੇ ਵੱਡੇ ਪੱਥਰ ਲਿਆ ਕੇ ਦਰਿਆ ਦੇ ਵਹਿਣ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਜਿਸ ਨਾਲ ਇਸ ਜਗ੍ਹਾ ਤੋਂ ਡੂੰਘਾ ਹੋਇਆ ਦਰਿਆ ਦਾ ਪਾੜ ਰੋਕਿਆ ਜਾ ਸਕਦਾ ਪਰ ਅਜਿਹੀ ਸਰਗਰਮੀ ਸਰਕਾਰ ਵਲੋਂ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਹੀ | ਭਾਕਿਯੂ ਕਾਦੀਆਂ ਅਤੇ ਕਿਸਾਨ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਜਿਹੜੇ ਲੋਕਾਂ ਦਾ ਹੜ੍ਹਾਂ ਨਾਲ ਨੁਕਸਾਨ ਹੋਇਆ ਹੈ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤੁਰੰਤ ਵਿਸ਼ੇਸ਼ ਗੁਰਦੌਰੀਆਂ ਕਰਾਈਆਂ ਜਾਣ ਅਤੇ ਇਸ ਦੇ ਨਾਲ ਹੀ ਜਿਹੜੇ ਸੰਵੇਦਨਸ਼ੀਲ ਇਲਾਕਿਆਂ ਵਿਚ ਪਾਣੀ ਦੀ ਮਾਰ ਦੇ ਖ਼ਤਰੇ ਬਣੇ ਹੋਏ ਹਨ | ਉਨ੍ਹਾਂ ਥਾਵਾਂ 'ਤੇ ਸਰਕਾਰੀ ਮਦਦ ਨਾਲ ਪੱਥਰ ਅਤੇ ਲੋਹੇ ਦੀਆਂ ਤਾਰਾਂ ਸੁੱਟ ਕੇ ਦਰਿਆ ਦੇ ਵਹਿਣ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ ਇਕ ਤਰ੍ਹਾਂ ਨਾਲ ਰੱਬ ਆਸਰੇ ਛੱਡ ਦਿੱਤਾ ਗਿਆ ਹੈ | ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਉਣ |