ਮਮਦੋਟ, 2 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਪੰਜਾਬ ਦੇ ਸਰਹੱਦੀ ਅਤੇ ਦਰਿਆਈ ਇਲਾਕਿਆਂ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ | ਦਰਿਆਵਾਂ ਦੇ ਪਾਣੀ ਨਾਲ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਉੱਥੇ ਕਈ ਥਾਂਈਾ ਰਹਾਇਸ਼ੀ ਇਲਾਕਿਆਂ ਵਿਚ ਵੀ ਪਾਣੀ ਦਾਖਲ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਪੰਜਾਬੀ ਖੁੱਲ੍ਹ ਕੇ ਮਦਦ ਕਰ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ ਵਲੋਂ ਵੀ ਅੱਜ ਆਪਣੇ ਸਾਥੀ ਕਿਸਾਨ ਆਗੂਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੁੱਕਾ ਰਾਸ਼ਨ, ਪਸ਼ੂਆਂ ਲਈ ਹਰੇ ਅਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਕੇ ਹੜ੍ਹ ਪੀੜਤ ਇਲਾਕਿਆਂ ਵਿਚ ਪਹੁੰਚਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪੱਕਣ 'ਤੇ ਆਈ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਹੁਣ ਫ਼ਸਲ ਦੀ ਦੋਬਾਰਾ ਬਿਜਾਈ ਨਹੀਂ ਹੋ ਸਕਦੀ ਤੇ ਹੜ੍ਹਾਂ ਨਾਲ ਖ਼ਰਾਬ ਹੋਈਆਂ ਜ਼ਮੀਨਾਂ ਨੂੰ ਫਿਰ ਵਾਹੀਯੋਗ ਬਣਾਉਣ ਲਈ ਖ਼ਰਚ ਵੀ ਕਰਨਾ ਪੈਣਾ | ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰਾਂ ਹੜ੍ਹ ਪੀੜਤ ਕਿਸਾਨਾਂ ਨੂੰ ਘੱਟੋ ਘੱਟ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ, ਤਬਾਹ ਹੋਏ ਘਰਾਂ ਅਤੇ ਪਾਣੀ ਵਿਚ ਰੁੜ੍ਹ ਗਏ ਪਸ਼ੂਆਂ ਦਾ ਮੁਆਵਜ਼ਾ ਕਿਸਾਨਾਂ ਦੇ ਨਾਲ ਨਾਲ ਹੜ੍ਹਾਂ ਦਾ ਸ਼ਿਕਾਰ ਹੋਏ ਹਰੇਕ ਵਰਗ ਨੂੰ ਦਿੱਤਾ ਜਾਵੇ | ਇਸ ਮੌਕੇ ਜ਼ਿਲ੍ਹਾ ਮੁੱਖ ਸਕੱਤਰ ਗੁਰਬੰਸ ਸਿੰਘ ਜੰਗ, ਸਰਕਲ ਝੋਕ ਮੋਹੜੇ ਦੇ ਪ੍ਰਧਾਨ ਗੁਰਪਿਆਰ ਸਿੰਘ ਸੰਧੂ, ਪ੍ਰਧਾਨ ਗੁਰਬਚਨ ਸਿੰਘ ਕਿਲੀ, ਗੁਰਵਿੰਦਰ ਸਿੰਘ ਝੋਕ ਮੋਹੜੇ, ਜੰਡ ਸਿੰਘ ਸੰਧੂ ਸਮੇਤ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ |