ਫ਼ਿਰੋਜ਼ਪੁਰ, 2 ਸਤੰਬਰ (ਗੁਰਿੰਦਰ ਸਿੰਘ)-ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਇਕਾਈ ਫ਼ਿਰੋਜ਼ਪੁਰ ਵਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਫ਼ਿਰੋਜ਼ਪੁਰ ਦੇ ਨਜ਼ਦੀਕ ਪਿੰਡ ਹਬੀਬ ਕੇ ਬੰਨ੍ਹ 'ਤੇ ਸੇਵਾ ਕਰਦੇ ਵੀਰਾਂ-ਭੈਣਾਂ ਲਈ, ਕਾਮਲਵਾਲਾ ਮੁੱਠਿਆਂਵਾਲਾ, ਨਿਹਾਲਾ ਲਵੇਰਾ, ਧੀਰਾ ਘਾਰਾ, ਹੁਸੈਨੀਵਾਲਾ, ਗੱਟੀ ਰਾਜੋ ਕੇ ਅਤੇ ਹੋਰ ਸਰਹੱਦੀ ਪਿੰਡਾਂ ਵਿਚ ਦਿਨ ਰਾਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਸ ਦੌਰਾਨ ਜਥੇਬੰਦੀ ਡੀ.ਟੀ.ਐੱਫ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਸਰਬਜੀਤ ਸਿੰਘ ਭਾਵੜਾ, ਰਵੀ ਇੰਦਰ ਸਿੰਘ, ਵਰਿੰਦਰਪਾਲ ਸਿੰਘ ਖਾਲਸਾ, ਰਾਘਵ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਪ੍ਰਸ਼ਾਸ਼ਨ, ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਦੁਆਰਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਰਾਹਤ ਸਮਗਰੀ ਮੁਹੱਈਆ ਕਰਵਾਈ ਜਾ ਰਹੀ ਪਰ ਅਜੇ ਵੀ ਜਿਨ੍ਹਾਂ ਪਿੰਡਾਂ ਵਿਚ ਹੜ੍ਹਾਂ ਦਾ ਪਾਣੀ ਡੂੰਘਾ ਹੈ ਜੋ ਇਲਾਕਾ ਦਰਿਆ ਤੋਂ ਪਾਰ ਹੈ ਜਾਂ ਹੜ੍ਹ ਪ੍ਰਭਾਵਿਤ ਢਾਣੀਆਂ ਹਨ ਉੱਥੇ ਸਹਾਇਤਾ ਘੱਟ ਪਹੁੰਚ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਵੱਡੀ ਸਮੱਸਿਆ ਮੌਕੇ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ, ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮਦਦ ਲਈ ਕੰਮ ਕਰ ਰਹੀ ਹੈ, ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਹਬੀਬ ਕੇ ਬੰਨ੍ਹ 'ਤੇ ਸੂਬਾ ਪ੍ਰੈੱਸ ਸਕੱਤਰ ਪਵਨ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਥੀਆਂ ਸਮੇਤ ਸੇਵਾ ਲੈ ਕੇ ਪੁੱਜੇ | ਉਨ੍ਹਾਂ ਦੱਸਿਆ ਕਿ ਡੀ.ਟੀ.ਐੱਫ ਅੱਜ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਅਨੁਸਾਰ ਅਧਿਆਪਕ ਵਰਗ ਦੇ ਸਹਿਯੋਗ ਨਾਲ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਰੇਗੀ | ਇਸ ਮੌਕੇ ਡੀ.ਟੀ.ਐੱਫ ਫ਼ਿਰੋਜ਼ਪੁਰ ਨੇ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੇ ਸਹਿਯੋਗ ਲਈ ਜ਼ਿਲ੍ਹੇ ਦੇ ਸਮੂਹ ਅਧਿਆਪਕ ਵਰਗ ਨੂੰ ਆਪਣੀ-ਆਪਣੀ ਸਮਰੱਥਾ ਅਨੁਸਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਕੁਲਵਿੰਦਰ ਸਿੰਘ, ਪ੍ਰਮਾਤਮਾ ਸਿੰਘ, ਰਵੀ ਕੁਮਾਰ, ਮਨਦੀਪ ਸਿੰਘ ਵੀ ਹਾਜ਼ਰ ਸਨ |