ਹਬੀਬ ਕੇ ਬੰਨ੍ਹ 'ਚ ਖੋਰਾ : ਸੈਂਕੜੇ ਲੋਕ ਬੰਨ੍ਹ ਬਚਾਉਣ ਲਈ ਜੁਟੇ
ਅਜੀਤ ਡੈਸਕ
03-09-2025
ਬੰਨ੍ਹ ਟੁੱਟਣ ਦੀ ਸੰਭਾਵਨਾ ਦੇ ਮੱਦੇਨਜ਼ਰ ਲੋਕ ਘਰਾਂ 'ਚੋਂ ਜ਼ਰੂਰੀ ਸਮਾਨ ਕੱਢਣ ਲੱਗੇ
ਲਗਾਤਾਰ ਹੋ ਰਹੀ ਮੀਂਹ ਅਤੇ ਦਰਿਆ ਸਤਲੁਜ ਵਿਚ ਪਾਣੀ ਦੇ ਪੱਧਰ ਵਿਚ ਆ ਰਹੇ ਵਾਧੇ ਨੇ ਹਬੀਬ ਕੇ ਬੰਨ੍ਹ ਨਾਲ ਲੱਗਦੇ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਬੰਨ੍ਹ ਟੁੱਟਣ ਦੀ ਸੰਭਾਵਨਾ ਨੂੰ ਦੇਖਦਿਆਂ ਕਈ ਪਿੰਡ ਵਾਸੀ ਆਪਣਾ ਜ਼ਰੂਰੀ ਘਰੇਲੂ ਸਮਾਨ, ਬੱਚੇ ਅਤੇ ਪਸ਼ੂ ਲੈ ਕੇ ਸੁਰੱਖਿਅਤ ਥਾਵਾਂ ਵੱਲ ਰਵਾਨਾ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪਾਣੀ ਕਦੇ ਵੀ ਪਿੰਡਾਂ 'ਚ ਘੁੱਸ ਸਕਦਾ ਹੈ |
ਹਰੀਕੇ ਹੈੱਡ ਵਰਕਸ ਤੋਂ ਛੱਡਿਆ 2.84 ਲੱਖ ਕਿਊਸਿਕ ਪਾਣੀ
ਫਿਰੋਜ਼ਪੁਰ ਜ਼ਿਲ੍ਹੇ ਵਿਚ ਪਿਛਲੇ 48 ਘੰਟਿਆਂ ਵਿਚ 35,000 ਕਿਊਸਿਕ ਪਾਣੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਜ਼ਿਲ੍ਹੇ ਦੇ 20 ਤੋਂ ਵੱਧ ਪਿੰਡਾਂ ਵਿਚ 6 ਤੋਂ 8 ਫੁੱਟ ਪਾਣੀ ਭਰ ਗਿਆ ਹੈ | ਹੁਣ ਤੱਕ ਜ਼ਿਲ੍ਹੇ ਦੇ 110 ਪਿੰਡ ਹੜ੍ਹ ਦੀ ਲਪੇਟ 'ਚ ਆ ਚੁੱਕੇ ਹਨ | ਹਰੀਕੇ ਹੈੱਡ ਤੋਂ ਸਤਲੁਜ ਦਰਿਆ 'ਚ ਮੰਗਲਵਾਰ ਸ਼ਾਮ ਨੂੰ 2 ਲੱਖ 84 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ | ਇਸ ਦੇ ਨਾਲ ਹੀ ਪਾਕਿਸਤਾਨ ਵਾਲੇ ਪਾਸੇ ਤੋਂ ਫ਼ਾਜ਼ਿਲਕਾ ਰਾਹੀਂ ਹੁਸੈਨੀਵਾਲਾ ਹੈੱਡ ਤੋਂ ਹੇਠਾਂ ਵੱਲ ਵੀ ਇੰਨੀ ਹੀ ਮਾਤਰਾ ਵਿਚ ਪਾਣੀ ਛੱਡਿਆ ਜਾ ਰਿਹਾ ਹੈ |