ਗੁਰੂਹਰਸਹਾਏ, 2 ਸਤੰਬਰ (ਹਰਚਰਨ ਸਿੰਘ ਸੰਧੂ)-ਕਿਸਾਨਾਂ, ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ 'ਤੇ ਜਥੇਬੰਦੀ ਵਲੋਂ 3 ਸਤੰਬਰ ਨੂੰ ਡੀ. ਐੱਸ. ਪੀ. ਗੁਰੂਹਰਸਹਾਏ ਦਫ਼ਤਰ ਅੱਗੇ ਧਰਨੇ ਦੇਣ ਦਾ ਐਲਾਨ ਕਰਕੇ ਮੰਗ ਪੱਤਰ ਦਿੱਤਾ ਸੀ | ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਅਤੇ ਉਸ ਦੀ ਅਫ਼ਸਰਸ਼ਾਹੀ ਦੀ ਨਾਲਾਇਕੀ ਕਾਰਨ ਪੰਜਾਬ ਹੜ੍ਹਾਂ ਦੀ ਲਪੇਟ 'ਚ ਆ ਗਿਆ ਹੈ ਅਤੇ ਕਿਸਾਨ, ਮਜ਼ਦੂਰ ਆਪਣੀਆਂ ਫ਼ਸਲਾਂ, ਘਰ ਤੇ ਘਰੇਲੂ ਸਾਮਾਨ ਬਚਾਉਣ 'ਚ ਲੱਗੇ ਹੋਏ ਹਨ | ਓਧਰ ਡੀ.ਐੱਸ.ਪੀ. ਗੁਰੂਹਰਸਹਾਏ ਨੇ ਜਥੇਬੰਦੀ ਤੋਂ ਰੁਝੇਵਿਆਂ ਕਾਰਨ ਮਸਲੇ ਹੱਲ ਕਰਨ ਲਈ ਹੋਰ ਸਮਾਂ ਮੰਗਿਆ ਹੈ | ਜਥੇਬੰਦੀ ਦੀ ਕੋਰ ਕਮੇਟੀ ਨੇ ਸਾਰਾ ਕੁੱਝ ਵਿਚਾਰਨ ਤੋਂ ਬਾਅਦ 3 ਸਤੰਬਰ ਦਾ ਧਰਨਾ ਮੁਲਤਵੀ ਕਰ ਦਿੱਤਾ ਹੈ | ਇਸ ਦਿਨ ਹੀ ਡੀ.ਐੱਸ.ਪੀ. ਨਾਲ ਮੀਟਿੰਗ ਕਰਕੇ ਮਸਲੇ ਹੱਲ ਕਰਵਾਉਣ ਲਈ ਅਗਲੀ ਰਣਨੀਤੀ 'ਤੇ ਜਥੇਬੰਦੀ ਪੱਧਰ 'ਤੇ ਵਿਚਾਰ ਕੀਤਾ ਜਾਵੇਗਾ | ਕਿਸਾਨ ਆਗੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਹੜ੍ਹ ਪੀੜਤਾਂ ਦੀ ਜਾਨ-ਮਾਲ ਦੀ ਹਿਫ਼ਾਜ਼ਤ ਕਰਕੇ ਲੋੜੀਂਦੇ ਰਾਹਤ ਕਾਰਜ ਕਰਨੇ ਚਾਹੀਦੇ ਹਨ | ਇਸ ਸਬੰਧੀ ਜਥੇਬੰਦੀ ਦਾ ਇਕ ਵਫ਼ਦ ਜਲਦੀ ਹੀ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲੇਗੀ |