ਫ਼ਿਰੋਜ਼ਪੁਰ, 3 ਸਤੰਬਰ (ਗੁਰਿੰਦਰ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾਈ ਕਮੇਟੀ ਦੇ ਫ਼ੈਸਲੇ ਸੰਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਹਾਂਡਾ, ਜਗਸੀਰ ਸਿੰਘ ਜਨਰਲ ਸਕੱਤਰ, ਵਿੱਤ ਸਕੱਤਰ ਬਲਵਿੰਦਰ ਸਿੰਘ ਸੰਧੂ ਤੇ ਸੂਬਾ ਜੱਥੇਬੰਦਕ ਸਕੱਤਰ ਬਲਵਿੰਦਰ ਸਿੰਘ ਭੁੱਟੋ ਨੇ ਦੱਸਿਆ ਕਿ ਹੜ੍ਹ ਵਰਗੀ ਕੁਦਰਤੀ ਕਰੋਪੀ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ | ਇਸ ਸਮੇਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਵੱਖ-ਵੱਖ ਪ੍ਰਕਾਰ ਦੀ ਰਾਹਤ ਸਮੱਗਰੀ ਦੀ ਜ਼ਰੂਰਤ ਹੈ | ਇਕੱਲਾ ਹੁਣ ਨਹੀਂ ਜਦੋਂ ਪਾਣੀ ਦਾ ਪੱਧਰ ਘੱਟ ਗਿਆ ਉਦੋਂ ਘਰਾਂ, ਪਸ਼ੂਆਂ ਤੇ ਅਗਲੀ ਫ਼ਸਲ ਦੀ ਬਿਜਾਈ ਲਈ ਕਾਫ਼ੀ ਸਹਾਇਤਾ ਦੀ ਲੋੜ ਪਵੇਗੀ | ਉਨ੍ਹਾਂ ਕਿਹਾ ਕਿ ਹੁਣ ਕਾਫ਼ੀ ਖੇਤਰਾਂ ਵਿਚ ਹਰਾ ਚਾਰਾ, ਸਾਫ਼ ਪਾਣੀ, ਦੁੱਧ, ਮੈਡੀਕਲ ਸਹੂਲਤਾਂ ਤੇ ਖਾਣ-ਪੀਣ ਦੀਆਂ ਹੋਰ ਵਸਤਾਂ ਦੀ ਭਾਰੀ ਘਾਟ ਹੈ | ਇਸ ਬਿਪਤਾ ਦੀ ਘੜੀ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਮੈਂਬਰ ਅਧਿਆਪਕਾਂ ਨੇ ਆਪਣਾ ਫ਼ਰਜ਼ ਨਿਭਾਉਂਦੇ ਹੋਏ ਇਸ ਬਿਪਤਾ ਨੂੰ ਘਟਾਉਣ ਲਈ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ | ਹੜ੍ਹ ਪੀੜਤਾਂ ਲਈ ਜਥੇਬੰਦੀ ਵਲੋਂ ਫ਼ੰਡ ਇਕੱਠਾ ਕੀਤਾ ਜਾ ਰਿਹਾ ਹੈ | ਫ਼ੰਡ 'ਚ ਸੂਬਾ ਕਮੇਟੀ ਦੇ ਸਾਰੇ ਮੈਂਬਰ ਅਧਿਆਪਕ ਇਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਪਾਉਣਗੇ | ਇਸ ਬਿਪਤਾ ਦੀ ਘੜੀ ਵਿਚ ਸਾਰੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਮਦਦ ਦੇਣ ਦੀ ਵੀ ਅਪੀਲ ਕੀਤੀ ਗਈ | ਇਸ ਮੌਕੇ ਸੀਨੀਅਰ ਆਗੂ ਜਸਵਿੰਦਰ ਸਿੰਘ ਮਮਦੋਟ, ਗੁਰਚਰਨ ਸਿੰਘ ਕਲਸੀ, ਬਲਜਿੰਦਰ ਸਿੰਘ, ਰਾਜਿੰਦਰ ਸਿੰਘ ਰਾਜਾ, ਭੁਪਿੰਦਰ ਸਿੰਘ, ਹਰਪਾਲ ਸਿੰਘ, ਗੌਰਵ ਮੁੰਜਾਲ, ਸੁਖਵਿੰਦਰ ਸਿੰਘ, ਸ਼ਹਿਨਾਜ ਨਰੂਲਾ, ਬਲਵਿੰਦਰ ਕੌਰ ਬਹਿਲ, ਦੀਪਕ ਕੁਮਾਰ, ਸੰਦੀਪ ਸਹਿਗਲ, ਸੰਦੀਪ ਕੁਮਾਰ ਸਤੇਈ ਵਾਲਾ, ਸੰਜੀਵ ਕੁਮਾਰ, ਗਗਨ ਕੁਮਾਰ ਗੁਰੂਹਰਸਹਾਏ, ਰਣਜੀਤ ਸਿੰਘ ਖ਼ਾਲਸਾ, ਗੁਰਮੀਤ ਸਿੰਘ ਧੰਮ, ਪ੍ਰਦੀਪ ਕੁਮਾਰ ਮਮਦੋਟ ਆਦਿ ਮੌਜੂਦ ਸਨ |