11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

12-10-2026

12-10-2026

Ad Position 21
No active advertisement
ਅਜੀਤ ਡੈਸਕ 12-10-2026

ਨਸ਼ਾ ਮੁਕਤ ਯਾਤਰਾ

ਪਿਛਲੇ ਦਿਨੀਂ ਕੇਵਲ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਭਾਜਪਾ ਦਾ ਨਸ਼ਾ ਮੁਕਤ ਪੰਜਾਬ ਯਾਤਰਾ ਬਾਰੇ ਲੇਖ ਪੜਿ੍ਹਆ | ਲੇਖ ਦਾ ਮੁੱਖ ਸੰਦੇਸ਼ ਇਹ ਹੈ ਕਿ ਪੰਜਾਬ ਦੀ ਤਰੱਕੀ ਲਈ ਨੌਜਵਾਨ ਪੀੜ੍ਹੀ ਨੂੰ  ਚੰਗੀ ਸਿੱਖਿਆ ਅਤੇ ਅਤੇ ਨਸ਼ਿਆਂ ਤੋਂ ਮੁਕਤ ਵਾਤਾਵਰਨ ਦੇਣਾ ਬਹੁਤ ਜ਼ਰੂਰੀ ਹੈ | ਨਸ਼ਿਆਂ ਵਰਗੀ ਗੁੰਝਲਦਾਰ ਸਮੱਸਿਆ ਦੇ ਹੱਲ ਲਈ ਸਿਰਫ਼ ਜਾਗਰੂਕਤਾ ਕਾਫ਼ੀ ਨਹੀਂ | ਮਾਨਸਿਕ ਸਿਹਤ ਸਹਾਇਤਾ, ਪਰਿਵਾਰਕ ਸਹਿਯੋਗ, ਖੇਡਾਂ, ਰੋਜ਼ਗਾਰ ਦੇ ਮੌਕੇ ਅਤੇ ਪ੍ਰਭਾਵਸ਼ਾਲੀ ਸਰਕਾਰੀ ਨੀਤੀਆਂ ਵੀ ਲੋੜੀਂਦੀਆਂ ਹਨ | ਸਾਡਾ ਪੰਜਾਬ ਇਸ ਸਮੇਂ ਦੇਸ਼ ਦੇ ਸਾਰੇ ਰਾਜਾਂ ਤੋਂ ਵੱਧ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ |
ਬੜੇ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਨੇ ਇਸ ਗੰਭੀਰ ਮੁੱਦੇ ਤੇ ਰਾਜਨੀਤੀ ਕਰਨ ਤੋਂ ਇਲਾਵਾ ਕੋਈ ਠੋਸ ਕਦਮ ਨਹੀਂ ਚੁੱਕੇ | ਹੁਣ ਭਾਜਪਾ ਵੀ ਅਜਿਹੀ ਗੰਦੀ ਸਿਆਸਤ ਤੇ ਉੱਤਰ ਆਈ ਹੈ | ਕੀ ਇਸ ਯਾਤਰਾ ਵਿਚ ਸੈਂਕੜੇ ਗੱਡੀਆਂ ਦੇ ਕਾਫ਼ਲੇ ਤੇ ਸ਼ੋਰ ਸ਼ਰਾਬੇ ਨਾਲ ਆਮ ਲੋਕਾਂ ਲਈ ਟ੍ਰੈਫਿਕ ਰੋਕ ਕੇ ਤੰਗ ਕਰਨ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ | ਜੇਕਰ ਭਾਜਪਾ ਪੰਜਾਬ ਤੋਂ ਨਸ਼ੇ ਖ਼ਤਮ ਕਰਨ ਲਈ ਗੰਭੀਰ ਹੈ ਤਾਂ ਕਿਉਂ ਨਹੀਂ ਉਹ ਗੁਆਂਢੀ ਰਾਜਾਂ ਤੇ ਸ਼ਿਕੰਜਾ ਕੱਸਦੀ, ਜਿੱਥੇ ਉਨ੍ਹਾਂ ਦੀਆਂ ਹੀ ਸਰਕਾਰਾਂ ਹਨ ਤੇ ਉਨ੍ਹਾਂ ਰਾਜਾਂ ਰਾਹੀਂ ਹੀ ਇਹ ਨਸ਼ਾ ਪੰਜਾਬ ਵਿਚ ਪਹੁੰਚਦਾ ਹੈ ਪਰ ਅਫਸੋਸ ਭਾਜਪਾ ਵੀ ਦੂਜੀਆਂ ਰਾਜਸੀ ਪਾਰਟੀਆਂ ਵਾਂਗ ਇਸ ਮਸਲੇ ਤੇ ਆਪਣੀਆਂ ਰੋਟੀਆਂ ਸੇਕ ਕੇ ਪੰਜਾਬ ਵਿਚ ਸਰਕਾਰ ਬਣਾਉਣਾ ਚਾਹੁੰਦੀ ਹੈ | ਜਦੋਂ ਕਿ ਕੋਈ ਵੀ ਸਰਕਾਰਾਂ ਚਾਹੁਣ ਤਾਂ ਇਕ ਹਫ਼ਤੇ ਵਿਚ ਨਸ਼ਾ ਮੁਕਤ ਪੰਜਾਬ ਬਣਾ ਸਕਦੀਆਂ ਹਨ | ਪਰ ਉਨ੍ਹਾਂ ਨੇ ਅਜਿਹਾ ਨਹੀਂ ਕਰਨਾ ਸਗੋਂ ਲੋਕਾਂ ਨੂੰ  ਬੇਵਕੂਫ਼ ਬਣਾ ਕੇ ਵੋਟਾਂ ਬਟੋਰਨੀਆਂ ਹਨ | ਇਕੱਲੇ ਸ਼ੋਰ ਸ਼ਰਾਬੇ ਨਾਲ, ਯਾਤਰਾ, ਰੈਲੀਆਂ ਕਰਨ ਨਾਲ ਕੁਝ ਨਹੀਂ ਹੋਣਾ ਸਗੋਂ ਗੁਣਵੱਤਾਪੂਰਨ ਸਿੱਖਿਆ, ਰੁਜ਼ਗਾਰ ਅਤੇ ਨਸ਼ਾ-ਮੁਕਤ ਵਾਤਾਵਰਨ-ਇਹ ਤਿੰਨੇ ਖੇਤਰ ਇਕੱਠੇ ਮਜ਼ਬੂਤ ਕੀਤੇ ਜਾਣ ਤਾਂ ਹੀ ਸਿਹਤਮੰਦ ਅਤੇ ਤਰੱਕੀਸ਼ੀਲ ਪੰਜਾਬ ਦੀ ਨੀਂਹ ਮਜ਼ਬੂਤ ਹੋ ਸਕਦੀ ਹੈ |

-ਚਰਨਜੀਤ ਸਿੰਘ ਮੁਕਤਸਰ, 
ਸੈਂਟਰ ਹੈੱਡ ਟੀਚਰ, ਝਬੇਲਵਾਲੀ |

ਲੋਕਤੰਤਰ ਦੀ ਉਮੀਦ 


ਵਿਰੋਧੀ ਧਿਰਾਂ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਤਾਨਾਸ਼ਾਹੀ ਵਤੀਰੇ ਦਾ ਭਖਵਾਂ ਵਿਰੋਧ ਇਕ ਵਾਰ ਫਿਰ ਲੋਕਤੰਤਰ ਦੀ ਉਮੀਦ ਜਗਾਉਂਦਾ ਹੈ |
ਦੂਜੇ ਪਾਸੇ 2023 ਦੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਵਾਲੇ ਕਾਨੂੰਨ ਦੇਜਾਇਜ਼ ਹੋਣ ਤੇ ਦਿੱਤੀ ਚੁਣੌਤੀ ਦੀਆਂ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਜਸਟਿਸ ਦੀਪਾਂਕਰ ਦੱਤਾ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਸਿਰਫ਼ ਆਜ਼ਾਦ ਸੰਸਥਾ ਹੀ ਨਹੀਂ, ਸਗੋਂ ਕੰਮ ਕਾਜ ਵਿਚ ਆਜ਼ਾਦੀ ਨਜ਼ਰ ਆਉਣੀ ਚਾਹੀਦੀ ਹੈ, ਇਹ ਸਿੱਧਾ ਸੰਕੇਤ ਹੈ ਕਿ ਐਸ.ਆਈ.ਆਰ. ਦੌਰਾਨ ਵੀ ਕੋਈ ਨਾ ਕੋਈ ਕੁਤਾਹੀ ਨਜ਼ਰ ਆਉਂਦੀ ਹੈ | ਪਿਛਲੇ ਦਿਨੀਂ ਹੋਈ ਹਲਚਲ ਦਰਸਾਉਂਦੀ ਹੈ ਕਿ ਭਾਰਤ ਵਿਚ ਜਮਹੂਰੀਅਤ ਹਾਲੇ ਜ਼ਿੰਦਾ ਹੈ, ਸਾਡੇ ਚੁਣੇ ਕੁਝ ਨੁਮਾਇੰਦੇ ਲੋਕਤੰਤਰ ਦੀ ਸਾਂਭ ਸੰਭਾਲ ਲਈ ਆਵਾਜ਼ ਉਠਾਉਂਦੇ ਹਨ | ਇਸ ਵਿਚ ਅਖ਼ਬਾਰਾਂ ਵਲੋਂ ਨਿਭਾਈ ਭੂਮਿਕਾ ਵੀ ਸ਼ਲਾਘਾਯੋਗ ਹੈ |

-ਡਾ. ਸਿਮਰਨ ਸਿੱਧੂ
ਜਲੰਧਰ |

ਵਿਦਿਆਰਥੀ ਅਤੇ ਅਨੁਸ਼ਾਸਨ 


ਵਿਦਿਆਰਥੀ ਜੀਵਨ ਵਿਚ ਅਨੁਸ਼ਾਸਨ ਦਾ ਬਹੁਤ ਵੱਡਾ ਮਹੱਤਵ ਹੈ ਕਿਉਂਕਿ ਇਹ ਵਿਦਿਆਰਥੀ ਨੂੰ  ਸਫ਼ਲ, ਜ਼ਿੰਮੇਵਾਰ ਅਤੇ ਯੋਗ ਨਾਗਰਿਕ ਬਣਾਉਂਦਾ ਹੈ | ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਅਤੇ ਸੁਨਹਿਰੀ ਪੜਾਅ ਹੁੰਦਾ ਹੈ | ਇਸ ਸਮੇਂ ਬੱਚੇ ਦਾ ਮਨ ਕੱਚੀ ਮਿੱਟੀ ਵਾਂਗ ਹੁੰਦਾ ਹੈ, ਜਿਸ ਨੂੰ  ਜਿਹੋ ਜਿਹਾ ਰੂਪ ਦੇਈਏ, ਉਹੋ ਜਿਹਾ ਬਣ ਜਾਂਦਾ ਹੈ | ਇਸ ਦੌਰਾਨ ਸਿੱਖੀਆਂ ਗਈਆਂ ਚੰਗੀਆਂ ਆਦਤਾਂ ਅਤੇ ਅਨੁਸ਼ਾਸਨ ਪੂਰੀ ਉਮਰ ਕੰਮ ਆਉਂਦੇ ਹਨ |
ਅਨੁਸ਼ਾਸਨ ਦਾ ਅਰਥ ਹੈ ਨਿਯਮਾਂ ਵਿਚ ਰਹਿਣਾ, ਸਮੇਂ ਦੀ ਕਦਰ ਕਰਨਾ, ਵੱਡਿਆਂ ਅਤੇ ਅਧਿਆਪਕਾਂ ਦਾ ਆਦਰ ਕਰਨਾ ਅਤੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣਾ | ਅਨੁਸ਼ਾਸਨ ਦਾ ਮਤਲਬ ਕਿਸੇ ਦੀ ਗੁਲਾਮੀ ਕਰਨਾ ਨਹੀਂ, ਸਗੋਂ ਆਪਣੇ ਜੀਵਨ ਨੂੰ  ਇਕ ਸਹੀ ਤਰੀਕੇ ਅਤੇ ਤਰਤੀਬ ਵਿਚ ਚਲਾਉਣਾ ਹੈ | ਵਿਦਿਆਰਥੀ ਜੀਵਨ ਵਿਚ ਅਨੁਸ਼ਾਸਨ ਦੀ ਲੋੜ ਸਮੇਂ ਦੀ ਸਹੀ ਵਰਤੋਂ ਤੋਂ ਹੈ |
ਅਨੁਸ਼ਾਸਨੀ ਵਿਦਿਆਰਥੀ ਆਪਣਾ ਹਰ ਕੰਮ ਨਿਸ਼ਚਿਤ ਸਮੇਂ 'ਤੇ ਕਰਦਾ ਹੈ | ਉਹ ਸਵੇਰੇ ਜਲਦੀ ਉੱਠਦਾ ਹੈ, ਸਮੇਂ ਸਿਰ ਸਕੂਲ ਜਾਂਦਾ ਹੈ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ  ਵੀ ਪੂਰਾ ਸਮਾਂ ਦਿੰਦਾ ਹੈ | ਅਨੁਸ਼ਾਸਨ ਵਿਦਿਆਰਥੀ ਵਿਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਦਾ ਹੈ | ਇਹ ਉਸਨੂੰ ਈਮਾਨਦਾਰ, ਸੱਚਾ ਅਤੇ ਮਿਹਨਤੀ ਬਣਾਉਂਦਾ ਹੈ | ਜਿਹੜਾ ਵਿਦਿਆਰਥੀ ਸਕੂਲ, ਘਰ ਅਤੇ ਸਮਾਜ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ, ਉਹ ਇਮਤਿਹਾਨਾਂ ਵਿਚ ਹੀ ਨਹੀਂ, ਸਗੋਂ ਜ਼ਿੰਦਗੀ ਦੇ ਹਰ ਖੇਤਰ ਵਿਚ ਕਾਮਯਾਬ ਹੁੰਦਾ ਹੈ | ਜੇਕਰ ਵਿਦਿਆਰਥੀ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਦੇ, ਤਾਂ ਉਹ ਨੈਤਿਕ ਗਿਰਾਵਟ ਅਤੇ ਸਮੇਂ ਦੀ ਬਰਬਾਦੀ ਦਾ ਸ਼ਿਕਾਰ ਹੋ ਜਾਂਦੇ ਹਨ | ਅਨੁਸ਼ਾਸਨ ਤੋਂ ਬਿਨਾਂ ਵਿਦਿਆਰਥੀ ਆਪਣੇ ਅਸਲ ਟੀਚੇ ਤੋਂ ਭਟਕ ਜਾਂਦਾ ਹੈ, ਜਿਸ ਨਾਲ ਉਸ ਦਾ ਭਵਿੱਖ ਖ਼ਰਾਬ ਹੋ ਸਕਦਾ ਹੈ |ਅਨੁਸ਼ਾਸਨ ਤੋਂ ਬਿਨਾਂ ਵਿਦਿਆਰਥੀ ਦਾ ਜੀਵਨ ਉਸ ਬੇੜੀ ਵਾਂਗ ਹੈ ਜਿਸ ਦਾ ਕੋਈ ਕਪਤਾਨ ਨਾ ਹੋਵੇ | ਇਸ ਲਈ ਹਰੇਕ ਵਿਦਿਆਰਥੀ ਨੂੰ  ਆਪਣੇ ਜੀਵਨ ਵਿਚ ਅਨੁਸ਼ਾਸਨ ਨੂੰ  ਅਪਣਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਦੇਸ਼ ਅਤੇ ਸਮਾਜ ਦਾ ਇਕ ਰੌਸ਼ਨ ਭਵਿੱਖ ਬਣ ਸਕੇ |

-ਹਰਿੰਦਰ ਸਿੰਘ ਸਸ ਮਾਸਟਰ
ਸਰਕਾਰੀ ਹਾਈ ਸਮਾਰਟ ਸਕੂਲ ਰਾਜਿੰਦਰਗੜ੍ਹ |

ਕੂੜੇ ਹੇਠ ਦੱਬਦੀ ਧਰਤੀ


ਅੱਜ ਸਫ਼ਾਈ ਸਿਰਫ਼ ਘਰਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਸਾਡੇ ਪਿੰਡਾਂ, ਸ਼ਹਿਰਾਂ ਅਤੇ ਪੂਰੇ ਵਾਤਾਵਰਨ ਦੀ ਇੱਕ ਵੱਡੀ ਲੋੜ ਬਣ ਚੁੱਕੀ ਹੈ | ਹਰ ਸਾਲ ਵਿਸ਼ਵ ਸਫਾਈ ਦਿਵਸ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਸਾਫ਼ ਸੁਥਰਾ ਵਾਤਾਵਰਨ ਸਿਰਫ਼ ਸਰਕਾਰ ਦੀ ਨਹੀਂ ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ | ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਅਸੀਂ ਸਫ਼ਾਈ ਦੀ ਮਹੱਤਤਾ ਤੋਂ ਜਾਣੂ ਹੁੰਦੇ ਹੋਏ ਵੀ ਆਪਣੀਆਂ ਗਲੀਆਂ, ਸੜਕਾਂ ਅਤੇ ਜਨਤਕ ਥਾਵਾਂ ਨੂੰ  ਹੀ ਕੂੜੇ ਦੇ ਢੇਰਾਂ ਵਿਚ ਬਦਲ ਰਹੇ ਹਾਂ | ਸ਼ਹਿਰਾਂ 
ਅਤੇ ਪਿੰਡਾਂ ਵਿਚ ਥਾਂ-ਥਾਂ 'ਤੇ ਖੁੱਲ੍ਹੇ ਵਿਚ ਪਿਆ ਕੂੜਾ, ਪਲਾਸਟਿਕ ਦੀਆਂ ਥੈਲੀਆਂ, ਬੋਤਲਾਂ ਅਤੇ ਹੋਰ ਕਚਰਾ ਸਿਰਫ਼ ਸੁੰਦਰਤਾ ਨੂੰ  ਹੀ ਖਰਾਬ ਨਹੀਂ ਕਰਦਾ ਸਗੋਂ ਮਿੱਟੀ, ਪਾਣੀ ਅਤੇ ਹਵਾ ਨੂੰ  ਵੀ ਪ੍ਰਦੂਸ਼ਿਤ ਕਰਦਾ ਹੈ | ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਅਸੀਂ ਸਫਾਈ ਨੂੰ  ਸਿਰਫ਼ ਇਕ ਮੁਹਿੰਮ ਜਾਂ ਇਕ ਦਿਨ ਤੱਕ ਸੀਮਤ ਕਰ ਦਿੰਦੇ ਹਾਂ |
ਇਕ ਦਿਨ ਸੜਕਾਂ ਸਾਫ਼ ਕਰਨਾ ਤੇ ਦੂਜੇ ਦਿਨ ਉੱਥੇ ਕੂੜਾ ਸੁੱਟ ਦੇਣਾ ਸਮੱਸਿਆ ਦਾ ਹੱਲ ਨਹੀਂ | ਅਸਲ ਸਫ਼ਾਈ ਤਾਂ ਉਸ ਵੇਲੇ ਆਵੇਗੀ ਜਦੋਂ ਸਫ਼ਾਈ ਸਾਡੀ ਆਦਤ ਅਤੇ ਜੀਵਨ ਸ਼ੈਲੀ ਦਾ ਹਿੱਸਾ ਬਣੇਗੀ |

-ਜਸ਼ਨਪ੍ਰੀਤ ਕੌਰ
ਸਰਹਿੰਦ |

Ad Position 22
No active advertisement
ਪਿਛਲੀ ਖ਼ਬਰ ਬੇ-ਮੌਸਮੇ ਮੀਂਹ ਅਤੇ ਝੱਖੜ ਨੇ ਕਿਸਾਨਾਂ ਦੀ ਵਧਾਈ ਚਿੰਤਾ ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24