ਅਟਾਰੀ, 11 ਅਕਤੂਬਰ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਤੇ ਸਥਿਤ ਲੱਗੀ ਕੰਡਿਆਲੀ ਤਾਰ ਦੇ ਨਜ਼ਦੀਕ ਤੋਂ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਬੀ.ਐਸ.ਐਫ. ਨੇ ਕਾਬੂ ਕੀਤਾ ਹੈ। ਡਿਊਟੀ ਤੇ ਤਾਇਨਾਤ ਜਵਾਨਾਂ ਨੂੰ ਜਦੋਂ ਹਿਲਜੁਲ ਮਹਿਸੂਸ ਹੋਈ ਤਾਂ ਉਹ ਚੌਕਸ ਹੋ ਗਏ। ਬੀ.ਓ.ਪੀ ਪੁੱਲ ਮੋਰਾ ਕੰਜਰੀ ਦੇ ਨਜ਼ਦੀਕ ਤੋਂ ਭਾਰਤ ਅੰਦਰ ਨਜਾਇਜ਼ ਤਰੀਕੇ ਨਾਲ ਦਾਖ਼ਲ ਹੋ ਰਹੇ ਪਾਕਿਸਤਾਨੀ ਨਾਗਰਿਕ ਨੂੰ ਬੀ.ਐਸ.ਐਫ. ਦੇ ਜਵਾਨਾ ਨੇ ਰੁਕਣ ਲਈ ਕਿਹਾ ਪਰ ਉਹ ਅੱਗੇ ਵਧ ਰਿਹਾ ਸੀ।
ਇਸ ਤੋਂ ਬਾਅਦ ਬੀ.ਐਸ.ਐਫ. ਦੇ ਜਵਾਨਾਂ ਨੇ ਉਸ ਨੂੰ ਘੇਰਾ ਪਾ ਕੇ ਫੜ ਲਿਆ। ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕਰਨ ਦੀ ਖ਼ਬਰ ਜਦੋਂ ਸੀਮਾ ਸੁਰੱਖਿਆ ਬਲ ਦੇ ਉੱਚ ਅਧਿਕਾਰੀਆਂ ਨੂੰ ਮਿਲੀ ਤਾਂ ਉਹ ਘਟਨਾ ਸਥਾਨ ਤੇ ਪਹੁੰਚੇ। ਉਸ ਦੀ ਪਹਿਚਾਣ ਮੁਹੰਮਦ ਅਵੈਸ ਪੁੱਤਰ ਮੁਹੰਮਦ ਇਲਿਆਸ, ਜ਼ਿਲ੍ਹਾ ਫੈਸਲਾਬਾਦ ਅਧੀਨ ਆਉਂਦੇ ਪਿੰਡ ਬਾਠ, ਥਾਣਾ ਮੁੰਡਾ ਪਿੰਡ ਪਾਕਿਸਤਾਨ ਵਜੋਂ ਹੋਈ ਹੈ।
ਮੁਹੰਮਦ ਅਵੈਸ ਉਮਰ 22 ਸਾਲ ਨੂੰ ਅਟਾਰੀ ਵਾਹਗਾ ਸਰਹੱਦ ਤੇ ਸਥਿਤ ਬਾਰਡਰ ਪਿਲਰ ਨੰਬਰ 98/18 ਐਮ ਦੇ ਕੋਲੋਂ ਕਾਬੂ ਕੀਤਾ ਗਿਆ। ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਉਕਤ ਪਾਕਿਸਤਾਨੀ ਨਾਗਰਿਕ ਨੂੰ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਸ ਕੋਲੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਇਰਾਦੇ ਨਾਲ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਇਆ ਹੈ। ਮੁਹੰਮਦ ਅਵੈਸ ਨੂੰ ਅਟਾਰੀ ਬਾਰਡਰ ਪੁੱਲ ਮੋਰਾਂ ਵਿਖੇ ਤਾਇਨਾਤ 100 ਬਟਾਲੀਅਨ ਵਲੋਂ ਕਾਬੂ ਕੀਤਾ ਗਿਆ। ਪੁਲਿਸ ਥਾਣਾ ਘਰਿੰਡਾ ਪਾਕਿਸਤਾਨੀ ਨਾਗਰਿਕ ਵਿਰੁੱਧ ਅਗਲੇਰੀ ਕਾਰਵਾਈ ਕਰ ਰਹੀ ਹੈ।