ਮੱਲਾਂਵਾਲਾ, 7 ਸਤੰਬਰ (ਬਲਬੀਰ ਸਿੰਘ ਜੋਸਨ)- ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਵੇਰਾ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਹਨ, ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ ਤੇ ਲੋਕ ਆਪਣੇ ਘਰਾਂ ਦੇ ਸਹਿਮ ਦੇ ਮਾਹੌਲ 'ਚ ਬੈਠੇ ਹਨ | ਸ. ਜ਼ੀਰਾ ਨੇ ਕਿਹਾ ਕਿ ਪੰਜਾਬ ਇੰਚਾਰਜ ਭੁਪੇਸ਼ ਬਘੇਲ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਟਰੈਕਟਰ ਚਲਾ ਕੇ ਜਦੋਂ ਪਾਣੀ 'ਚ ਘਿਰੇ ਘਰ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜੇਕਰ ਅਸੀਂ ਆਪਣਾ ਘਰ ਬਾਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਚਲੇ ਜਾਂਦੇ ਤਾਂ ਸਾਡਾ ਘਰ ਜਿਹੜਾ ਬਚਿਆ ਉਸ ਦੇ ਬੂਹੇ ਬਾਰੀਆਂ ਵੀ ਚੋਰਾਂ ਨੇ ਨਹੀਂ ਸੀ ਰਹਿਣ ਦੇਣੇ | ਜ਼ੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਨੂੰ ਗੈਂਗਸਟਰ ਚਲਾ ਰਹੇ ਹਨ | ਪੰਜਾਬ ਦੇ ਲੋਕ ਸਹਿਮ ਵਿਚ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੜ੍ਹਾਂ 'ਚ ਡੁੱਬ ਰਹੇ ਹਨ, ਮੁੱਖ ਮੰਤਰੀ ਬਹਾਨਾ ਬਣਾ ਕੇ ਹਸਪਤਾਲ ਵਿਚ ਦਾਖਲ ਹੋਏ ਬੈਠੇ ਹਨ ਪਰ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ | ਸ. ਜ਼ੀਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਗਵਰਨਰ ਪੰਜਾਬ ਨੂੰ ਪੰਜਾਬ ਦੇ ਹੜ੍ਹਾਂ 'ਚ ਡੁੱਬ ਰਹੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ ਤੇ ਨਾ ਹੀ ਕੋਈ ਰਾਹਤ ਪੈਕਜ ਦਾ ਐਲਾਨ ਕੀਤਾ ਹੈ | ਮੁੱਖ ਮੰਤਰੀ ਤੇ ਰਾਜਪਾਲ ਪਿਕਨਿਕ ਮਨਾ ਕੇ ਚਲੇ ਗਏ ਹਨ | ਹੜ੍ਹ ਪੀੜਤ ਲੋਕਾਂ ਨੂੰ ਇਕ ਧੇਲੇ ਦਾ ਵੀ ਇਹਨਾਂ ਦੇ ਆਉਣ ਦਾ ਫ਼ਾਇਦਾ ਨਹੀਂ ਹੋਇਆ, ਬਲਕਿ ਨੁਕਸਾਨ ਹੋਇਆ ਹੈ | ਇਸ ਮੌਕੇ ਬੱਬਲ ਸ਼ਰਮਾ ਪ੍ਰਧਾਨ, ਸੁਖਦੇਵ ਸਿੰਘ ਸੰਧੂ ਚਾਹਲ, ਗੁਰਵਿੰਦਰ ਸਿੰਘ ਮੱਲ, ਕਿੱਕਰ ਸਿੰਘ ਚਾਹਲ, ਰਕੇਸ਼ ਘਾਰੂ, ਰਛਪਾਲ ਸਿੰਘ ਬੱਗੀ, ਸੁਰਜੀਤ ਸਿੰਘ ਹਲਵਾਈ ਆਦਿ ਹਾਜ਼ਰ ਸਨ |