ਫ਼ਿਰੋਜਪੁਰ, 7 ਸਤੰਬਰ (ਰਾਕੇਸ਼ ਚਾਵਲਾ)- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ.ਐੱਸ. ਨਗਰ (ਮੋਹਾਲੀ) ਦੇ ਕਾਰਜਕਾਰੀ ਚੇਅਰਮੈਨ-ਕਮ-ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਸੁਮਿਤ ਮਲਹੋਤਰਾ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਿਰੋਜਪੁਰ ਦੀ ਰਹਿਨੁਮਾਈ ਹੇਠ ਮੈਡਮ ਅਨੁਰਾਧਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਿਰੋਜਪੁਰ ਵਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਪਿੰਡ ਦੂਲੇ ਵਾਲਾ ਤੋਂ ਇਕ ਵੀਡੀਓ ਵੱਟਸਅੱਪ ਰਾਹੀਂ ਪ੍ਰਾਪਤ ਹੋਈ ਜਿਸ ਵਿਚ ਪਿੰਡ ਵਾਲਿਆਂ ਵਲੋਂ ਬੰਨ੍ਹ ਦੇ ਰਿਸਣ ਬਾਰੇ ਸੂਚਨਾ ਦਿੱਤੀ ਗਈ | ਜੱਜ ਵਲੋਂ ਵੀਡੀਓ ਦੇਖ ਕੇ ਤੁਰੰਤ ਐਕਸ਼ਨ ਲੈਂਦੇ ਆਪਣੀ ਟੀਮ ਨੂੰ ਰਾਹਤ ਸਮਗਰੀ ਸਮੇਤ ਮੌਕੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਅਤੇ ਆਪ ਖ਼ੁਦ ਵੀ ਮੌਕੇ 'ਤੇ ਪਹੁੰਚ ਗਏ | ਜੱਜ ਵੱਲੋਂ ਪਿੰਡ ਦੇ ਸਰਪੰਚ ਅਤੇ ਪਤਵੰਤਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੱਸਿਆ ਕਿ ਸਵੇਰ ਦਾ ਕੋਈ ਵੀ ਪ੍ਰਸ਼ਾਸਨ ਤੋਂ ਨੁਮਾਇੰਦਾ ਹਾਜ਼ਰ ਨਹੀਂ ਹੋਇਆ ਤੇ ਜੇ.ਈ., ਨਹਿਰੀ ਵਿਭਾਗ ਤੋਂ ਆਏ ਹਨ | ਜਿਹਨਾਂ ਵਲੋਂ ਕੋਈ ਵੀ ਮਿੱਟੀ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਤੇ ਪਿੰਡ ਵਾਲੇ ਆਪਣੇ ਪੱਧਰ 'ਤੇ ਹੀ ਬੰਨ੍ਹ ਨੂੰ ਟੁੱਟਣ ਤੋਂ ਬਚਾ ਰਹੇ ਹਨ | ਜੱਜ ਨੇ ਤੁਰੰਤ ਆਪਣੀ ਟੀਮ ਦੀ ਮਦਦ ਰਾਹੀਂ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਖਾਲੀ ਗੱਟੇ (ਤੋੜੇ) ਤੇ ਡੀਜ਼ਲ ਮੁਹੱਈਆ ਕਰਵਾਇਆ ਗਿਆ ਤੇ ਕਿਹਾ ਕਿ ਜੇਕਰ ਉਹਨਾਂ ਨੂੰ ਹੋਰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਤਾਂ ਉਹ ਦਫਤਰ ਦੇ ਤੇ ਟੋਲ ਫ਼੍ਰੀ ਨੰਬਰ 'ਤੇ ਸੂਚਨਾ ਦੇ ਸਕਦਾ ਹੈ |