ਫ਼ਿਰੋਜ਼ਪੁਰ, 24 ਸਤੰਬਰ (ਸੁਖਵਿੰਦਰ ਸਿੰਘ)- ਝੋਨੇ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਹਰ ਪ੍ਰਕਾਰ ਦੇ ਬੁਨਿਆਦੀ ਇੰਤਜ਼ਾਮ ਪੂਰੇ ਕਰ ਲਏ ਜਾਣ ਤਾਂ ਜੋ ਮੰਡੀਆਂ ਵਿਚ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਅੱਜ ਝੋਨੇ ਦੀ ਖ਼ਰੀਦ ਸਬੰਧੀ ਵੱਖ-ਵੱਖ ਖ਼ਰੀਦ ਏਜੰਸੀਆਂ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਦਿੱਤੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 126 ਖ਼ਰੀਦ ਕੇਂਦਰ ਬਣਾਏ ਗਏ ਹਨ | ਉਨ੍ਹਾਂ ਨੇ ਖ਼ਰੀਦ ਏਜੰਸੀਆਂ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਦੀ ਪੂਰੀ ਤਰ੍ਹਾਂ ਸਾਫ-ਸਫਾਈ ਕਰਨੀ ਯਕੀਨੀ ਬਣਾਈ ਜਾਵੇ | ਇਸ ਤੋਂ ਇਲਾਵਾ ਕਿਸਾਨ ਵੀਰਾਂ ਲਈ ਪੀਣ ਵਾਲਾ ਪਾਣੀ, ਪਖਾਨੇ, ਰੌਸ਼ਨੀ, ਛਾਂ ਆਦਿ ਸਮੇਤ ਹਰੇਕ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹੋਣ ਤਾਂ ਕਿ ਮੰਡੀਆਂ ਵਿਚ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਦਿੱਕਤ ਪੇਸ਼ ਨਾਲ ਆਵੇ | ਕਿਸਾਨ ਮੰਡੀ ਦੇ ਵਿਚ ਫ਼ਸਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਲੈ ਕੇ ਆਉਣ ਦੀ ਅਪੀਲ ਡਿਪਟੀ ਕਮਿਸ਼ਨਰ ਨੇ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿਚ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਨੂੰ ਮੰਡੀ ਵਿਚ ਇੰਤਜ਼ਾਰ ਨਾ ਕਰਨਾ ਪਵੇ | ਉਨ੍ਹਾਂ ਦੱਸਿਆ ਕਿ 17 ਫ਼ੀਸਦੀ ਨਮੀ ਤੱਕ ਹੀ ਝੋਨੇ ਦੀ ਫ਼ਸਲ ਦੀ ਖ਼ਰੀਦ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਵੱਧ ਨਮੀ ਵਾਲਾ ਝੋਨਾ ਲਿਆਉਣ 'ਤੇ ਕਿਸਾਨਾਂ ਨੂੰ ਮੰਡੀਆਂ ਵਿਚ ਝੋਨੇ ਦੇ ਸੁੱਕਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਨਾਲ ਖੱਜਲ-ਖ਼ੁਆਰੀ ਵਧਦੀ ਹੈ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲ਼ੀ ਨੂੰ ਅੱਗ ਨਾ ਲਗਾਉਣ ਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਉਪਲਬਧ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲ਼ੀ ਦਾ ਨਿਪਟਾਰਾ ਕਰਨ | ਮੀਟਿੰਗ ਵਿਚ ਡੀ.ਐਫ਼.ਐਸ.ਸੀ. ਜਿਤਿਨ ਵਰਮਾ, ਜ਼ਿਲ੍ਹਾ ਮੰਡੀ ਅਫ਼ਸਰ ਜਸਮੀਤ ਸਿੰਘ ਬਰਾੜ, ਡੀ.ਐਮ. ਪਨਸਪ ਰਮਨ ਗੋਇਲ, ਡੀ.ਐਮ. ਮਾਰਕਫੈੱਡ ਦਰਸ਼ਨ ਲਾਲ ਤੇ ਡੀ.ਐਮ. ਵੇਅਰ ਹਾਊਸ ਮੁਨੀਸ਼ ਧਮਾਨ ਹਾਜ਼ਰ ਸਨ |